ਚੰਡੀਗੜ੍ਹ, 1 ਦਸੰਬਰ :ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਮਾਲ ਇੰਡਸਟ੍ਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੁਆਰਾ ਰਹਾਇਸ਼ੀ ਪਲਾਟਾਂ ਦੀ ਪਹਿਲੀ ਈ-ਨਿਲਾਮੀ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਕੇ ਸੂਬੇ ਭਰ ਦੇ ਫੋਕਲ ਪੁਆਇੰਟਾਂ ‘ਚ ਸਥਿਤ ਰਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿੱਚ ਪਾਰਦਰਸ਼ਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।ਇਸ ਨਿਲਾਮੀ ਵਿੱਚ ਚਨਾਲੋਂ (ਕੁਰਾਲੀ), ਨਇਆ ਨੰਗਲ, ਲੁਧਿਆਣਾ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਜਿਹੇ ਉਦਯੋਗਿਕ ਫੋਕਲ ਪੁਆਇੰਟਾਂ ਲਈ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਨਿਵੇਸ਼ਕਾਂ ਨੇ ਅੰਮ੍ਰਿਤਸਰ, ਟਾਂਡਾ ਅਤੇ ਗੋਇੰਦਵਾਰ ਸਾਹਿਬ ਜਿਹੇ ਹੋਰਨਾਂ ਸ਼ਹਿਰਾਂ ਵਿੱਚ ਵੀ ਵਿਸ਼ੇਸ਼ ਰੁਚੀ ਵਿਖਾਈ।
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੀ.ਐਸ.ਆਈ.ਈ.ਸੀ. ਨੇ ਉਦਯੋਗਪਤੀਆਂ ਦੀ ਸਨਅਤੀ ਫੋਕਲ ਪੁਆਇੰਟਾਂ ਵਿੱਚ ਰਹਾਇਸ਼ੀ ਪਲਾਟ ਮੁਹੱਈਆ ਕਰਵਾਉਣ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ 15 ਸਾਲਾਂ ਦੇ ਸਮੇਂ ਬਾਅਦ ਵੱਖ ਵੱਖ ਫੋਕਲ ਪੁਆਇੰਟਾਂ ਵਿੱਚ ਰਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਦੀ ਕਾਰਵਾਈ ਆਰੰਭੀ ਹੈ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਛੋਟੇ ਸ਼ਹਿਰਾਂ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ ਸੂਬੇ ਵਿੱਚ ਮੁੜ-ਉਥਾਨ ਦੀ ਗਵਾਹੀ ਭਰਦਾ ਹੈ। ਪੀ.ਐਸ.ਆਈ.ਈ.ਸੀ. ਦੁਆਰਾ ਈ-ਨਿਲਾਮੀ ਜ਼ਰੀਏ ਰਹਾਇਸ਼ੀ ਜ਼ਮੀਨ ਦੀ ਅਲਾਟਮੈਂਟ ਨੇ ਪ੍ਰਮੁੱਖ ਸਰਕਾਰੀ ਸਰੋਤਾਂ ਦੀ ਅਲਾਟਮੈਂਟ ਵਿੱਚ ਵਧੇਰੇ ਪਾਰਦਰਸ਼ਤਾ ਲਿਆਂਦੀ ਹੈ।
ਸ੍ਰੀ ਅਰੋੜਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਈ-ਨਿਲਾਮੀ ਨਾਲ ਆਮਦਨ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਈ-ਨਿਲਾਮੀ ਨੇ ਸੂਬੇ ਵਿੱਚ ਰਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿੱਚ ਸਾਰਿਆਂ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਮੁਹੱਈਆ ਕਰਵਾਏ ਹਨ।
ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਦੁਆਰਾ ਰਹਾਇਸ਼ੀ ਪਲਾਟਾਂ ਦੀ ਪਹਿਲੀ ਈ-ਨਿਲਾਮੀ ਪੁੱਡਾ ਪੋਰਟਲ ‘ਤੇ 01.11.2019 ਤੋਂ 29.11.2019 ਤੱਕ ਕੀਤੀ ਗਈ। ਨਿਲਾਮੀ ਵਿਚ ਅੰਮ੍ਰਿਤਸਰ, ਬਠਿੰਡਾ, ਚਨਾਲੋਂ (ਕੁਰਾਲੀ), ਗੋਇੰਦਵਾਲ ਸਾਹਿਬ, ਮਲੋਟ, ਨਿਆ ਨੰਗਲ, ਪਟਿਆਲਾ, ਪਠਾਨਕੋਟ ਅਤੇ ਟਾਂਡਾ ਵਿਚ ਸਥਿਤ ਫੋਕਲ ਪੁਆਇੰਟਾਂ ‘ਚ 150 ਰਹਾਇਸ਼ੀ ਪਲਾਟਾਂ ਲਈ 320 ਬੋਲੀਕਾਰਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ।ਪਹਿਲੀ ਨਿਲਾਮੀ ਦੀ ਸਮਾਪਤੀ ‘ਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਨੂੰ 70 ਪਲਾਟ ਅਲਾਟ ਕੀਤੇ ਜਾਣਗੇ। ਇਸ ਨਾਲ ਸੂਬੇ ਨੂੰ ਤਕਰੀਬਨ 1200 ਲੱਖ ਦਾ ਮਾਲੀਆ ਮਿਲੇਗਾ।
ਸਾਰੇ ਸਫ਼ਲ ਬੋਲੀਕਾਰਾਂ ਨੂੰ ਆਪਣੀ ਬੋਲੀ ਦੀ ਪ੍ਰਵਾਨਗੀ ਦੇ ਸੰਬੰਧ ਵਿੱਚ ਐਸਐਮਐਸ / ਈਮੇਲ ਜ਼ਰੀਏ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ ਬੋਲੀ ਦੀ ਰਕਮ ਦਾ 10% ( ਨਾਲ 2% ਕੈਂਸਰ ਸੈੱਸ) ਜਮ੍ਹਾ ਕਰਨਾ ਹੋਵੇਗਾ।ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ ਰਕਮ ਦਾ 10% ( ਨਾਲ 2% ਕੈਂਸਰ ਸੈੱਸ) ਜਮ੍ਹਾਂ ਕਰਵਾਉਣ ਤੋਂ ਬਾਅਦ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ।ਅਲਾਟਮੈਂਟ ਪੱਤਰ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਪਲਾਟ ਦੀ ਲਾਗਤ ਦੀ 30 ਫੀਸਦੀ ਰਾਸ਼ੀ ਦੀ ਡਾਊਨ ਪੇਮੈਂਟ ਭੁਗਤਾਨਯੋਗ ਹੋਵੇਗੀ।ਬੋਲੀ ਦੀ ਰਕਮ ਦਾ ਬਾਕੀ 60 ਫੀਸਦੀ ਹਿੱਸਾ ਲਾਗੂ ਵਿਆਜ਼ ਸਹਿਤ 6 ਛਿਮਾਹੀ ਕਿਸ਼ਤਾਂ (ਬਰਾਬਰ ਕਿਸ਼ਤਾਂ) ਵਿੱਚ ਭੁਗਤਾਨਯੋਗ ਹੋਵੇਗਾ।ਬਕਾਇਆ 60 ਫੀਸਦੀ ਰਾਸ਼ੀ ਦੀ ਇੱਕਮੁਸ਼ਤ ਅਦਾਇਗੀ (ਬਿਨਾਂ ਵਿਆਜ਼) ਕਰਨ ‘ਤੇ ਅਲਾਟੀ ਬਕਾਇਆ 60 ਫੀਸਦੀ ਹਿੱਸੇ ‘ਤੇ 10 ਫੀਸਦੀ ਛੋਟ ਦਾ ਲਾਭ ਵੀ ਲੈ ਸਕਦੇ ਹਨ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਜਲਦ ਹੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚਲੀਆਂ ਪੈਟਰੋਲ ਪੰਪ ਸਾਈਟਾਂ ਦੀ ਈ-ਨਿਲਾਮੀ ਦਾ ਵੀ ਬੰਦੋਬਸਤ ਕਰੇਗੀ ਅਤੇ ਇਸ ਮੰਤਵ ਲਈ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।