ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਜਾਰੀ ਰੱਖਣ ਲਈ ਈ-ਕੇ.ਵਾਈ. ਸੀ ਲਾਜ਼ਮੀ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ
10 ਸਾਲਾਂ ਦੇ ਵਿਚ ਇਕ ਵਾਰ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨਾ ਜਰੂਰੀ
ਫਾਜ਼ਿਲਕਾ ,16 ਅਪ੍ਰੈਲ(ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਦੇ ਲਾਭਪਾਤਰੀਆਂ ਵਲੋਂ ਆਪਣੀ ਈ-ਕੇ.ਵਾਈ.ਸੀ ਕਰਵਾਉਣੀ ਲਾਜ਼ਮੀ ਹੈ ਜੋ ਕਿ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੀਮ ਦਾ ਲਾਭ ਜਾਰੀ ਰੱਖਣ ਲਈ ਆਪਣੀ ਈ-ਕੇ.ਵਾਈ. ਸੀ ਜਲਦ ਤੋਂ ਜਲਦ ਨੇੜਲੇ ਸੇਵਾ ਕੇਂਦਰਾਂ ਜਾਂ ਸੀ.ਐਸ.ਸੀ. ਤੋਂ ਕਰਵਾ ਲੈਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਕੀਮ ਅਧੀਨ ਮਿਲਣ ਵਾਲੀ ਵਿੱਤੀ ਰਾਸ਼ੀ ਬੰਦ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤ ਅਨੁਸਾਰ 10 ਸਾਲਾਂ ਦੇ ਵਿਚ ਇਕ ਵਾਰ ਅਧਾਰ ਕਾਰਡ ਦੇ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਅਪਡੇਟ ਕਰਨਾ ਜਰੂਰੀ ਹੈ।
ਸੇਵਾ ਕੇਂਦਰਾਂ ਦੇ ਜਿ਼ਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਤੋਂ ਪ੍ਰਤੀ ਪੇਜ਼ 25 ਰੁਪਏ ਦੀ ਦਰ ਨਾਲ ਅਤੇ 20 ਰੁਪਏ ਦੀ ਸੇਵਾ ਫੀਸ ਨਾਲ ਫਰਦ ਲਈ ਜਾ ਸਕਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਜ਼ੇਕਰ ਕਿਸੇ ਨੇ ਇਕ ਪੇਜ਼ ਦੀ ਫਰਦ ਲੈਣੀ ਹੈ ਤਾਂ ਕੁੱਲ 45 ਰੁਪਏ ਲੱਗਣਗੇ, 2 ਪੇਜ਼ ਲਈ 70 ਰੁਪਏ, 3 ਪੇਜ਼ ਲਈ 95 ਰੁਪਏ। ਉਨ੍ਹਾਂ ਨੇ ਦੱਸਿਆ ਕਿ ਕਿ ਹੁਣ ਇਕ ਤੋਂ ਜਿਆਦਾ ਖੇਵਟਾਂ ਦੀ ਸਾਂਝੀ ਫਰਦ ਵੀ ਸੇਵਾ ਕੇਂਦਰ ਤੋਂ ਲਈ ਜਾ ਸਕਦੀ ਹੈ।
ਜ਼ਿਲ੍ਹਾ ਮੈਨੇਜਰ ਸ਼੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਹਫਤੇ ਦੇ ਸਾਰੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾ ਕੇਂਦਰ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਦਿਨ ਸ਼ਨੀਵਾਰ ਤੇ ਐਤਵਾਰ ਨੂੰ 50 ਫੀਸਦੀ ਸਟਾਫ ਨਾਲ ਸੇਵਾ ਕੇਂਦਰ ਖੁਲ੍ਹੱਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿਖੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਹਾ ਹਾਸਲ ਕੀਤਾ ਜਾਵੇ।