ਪੀਯੂ ਸਟੂਡੈਂਟਸ ਯੂਨੀਅਨ ਚੋਣਾਂ- ਅੱਜ ਭਰੀਆਂ ਜਾ ਰਹੀਆਂ ਹਨ ਨਾਮਜ਼ਦਗੀਆਂ
ਚੰਡੀਗੜ੍ਹ 12 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਅੱਜ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਕੋਰੋਨਾ ਦੇ ਦੌਰ ਕਾਰਨ ਪਿਛਲੇ 2 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਹਨ। ਅਜਿਹੇ ‘ਚ ਇਸ ਵਾਰ ਪੀਯੂ ‘ਚ ਚੋਣ ਮਾਹੌਲ ਗਰਮਾ ਸਕਦਾ ਹੈ। ਕਈ ਵਿਦਿਆਰਥੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਪੀਯੂ ਨਾਲ ਸਬੰਧਤ ਸ਼ਹਿਰ ਦੇ ਕਰੀਬ 10 ਕਾਲਜਾਂ ਵਿੱਚ 18 ਨੂੰ ਹੀ ਚੋਣਾਂ ਹੋਣਗੀਆਂ। ਪੁਰਾਣੀਆਂ ਸਿਆਸੀ ਪਾਰਟੀਆਂ ਦੀਆਂ ਆਪੋ-ਆਪਣੀਆਂ ਵਿਦਿਆਰਥੀ ਇਕਾਈਆਂ ਹਨ। ਇਸ ਕੜੀ ਵਿੱਚ ਹੁਣ ਪੰਜਾਬ ਅਤੇ ਦਿੱਲੀ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਵੀ ਇਸ ਵਾਰ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਖੜ੍ਹਾ ਹੈ।। ਦੂਜੇ ਪਾਸੇ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ, ਕਾਂਗਰਸ ਦੀ ਐਨਐਸਯੂਆਈ ਅਤੇ ਹੋਰ ਵੱਖ-ਵੱਖ ਪਾਰਟੀਆਂ ਜਿਵੇਂ ਕਿ ਸੋਪੂ, ਇਨਸੋ, ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ), ਪੀਯੂਐਸਯੂ, ਐਚਐਸਏ, ਐਸਓਆਈ ਦੇ ਵੱਡੇ ਵਿਦਿਆਰਥੀ ਆਗੂ ਵੀ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇਨ੍ਹਾਂ ਪਾਰਟੀਆਂ ਤੋਂ ਬਾਹਰ ਹੋ ਚੁੱਕੇ ਵੱਡੇ-ਵੱਡੇ ਸਿਆਸਤਦਾਨ ਵੀ ਆਪੋ-ਆਪਣੇ ਢੰਗ ਨਾਲ ਪਾਰਟੀਆਂ ਨੂੰ ਜਿਤਾਉਣ ਲਈ ਯਤਨਸ਼ੀਲ ਹਨ ਪਰ ਯੂਨੀਵਰਸਿਟੀ ਵਿੱਚ ਚੋਣ ਪ੍ਰਚਾਰ ਲਈ ਬਾਹਰਲੇ ਵਿਅਕਤੀਆਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ। ਜਾਣਕਾਰੀ ਲਈ ਦੱਸ ਦਈਏ ਕਿ ਪੀਯੂ ਵਿੱਚ ਪਿਛਲੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਾਲ 2019 ਵਿੱਚ ਹੋਈਆਂ ਸਨ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਚੇਤਨ ਚੌਧਰੀ ਨੂੰ ਯੂਨੀਵਰਸਿਟੀ ਪ੍ਰਧਾਨ ਚੁਣਿਆ ਗਿਆ ਸੀ।
ਉਮੀਦਵਾਰਾਂ ਦੀ ਪ੍ਰਵਾਨਿਤ ਸੂਚੀ ਕੱਲ੍ਹ 13 ਅਕਤੂਬਰ ਨੂੰ ਸਵੇਰੇ 10 ਵਜੇ ਲਗਾਈ ਜਾਵੇਗੀ। ਉਮੀਦਵਾਰ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ।ਅੰਤਿਮ ਸੂਚੀ 12.30 ਵਜੇ ਡੀਐਸਡਬਲਯੂ ਨੂੰ ਸੌਂਪ ਦਿੱਤੀ ਜਾਵੇਗੀ। ਅੰਤਿਮ ਸੂਚੀ 13 ਅਕਤੂਬਰ ਨੂੰ ਬਾਅਦ ਦੁਪਹਿਰ 2.30 ਵਜੇ ਦਿਖਾਈ ਜਾਵੇਗੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਸਵੇਰੇ 9.30 ਵਜੇ ਤੋਂ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।