ਪਿੰਡਾਂ ਅੰਦਰ ‘ਵਿਲੇਜ਼ ਐਕਸ਼ਨ ਪਲਾਨ’ ਤਿਆਰ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
ਫੱਤੂਢੀਂਗਾ , ਫਜ਼ਲਾਬਾਦ, ਦੇਸਲ, ਬਾਗੂਵਾਲ ਵਿਖੇ ਵਾਟਰ ਸਪਲਾਈ ਵਿਭਾਗ ਵਲੋਂ ਮੀਟਿੰਗਾਂ
ਕਪੂਰਥਲਾ, 19 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ‘ਵਿਲੇਜ਼ ਐਕਸ਼ਨ ਪਲਾਨ’ ਤਿਆਰ ਕਰਵਾਉਣ ਦੇ ਮੰਤਵ ਨਾਲ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਪਾਣੀ ਦਾ ਸੁਚੱਜਾ ਪ੍ਰਬੰਧ ਕਰਨ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪਿੰਡ ਫੱਤੂਢੀਂਗਾ, ਫਜ਼ਲਾਬਾਦ, ਦੇਸਲ, ਬਾਗੂਵਾਲ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ।
ਵਾਟਰ ਸਪਲਾਈ ਵਿਭਾਗ ਵਲੋਂ ਕਪੂਰਥਲਾ ਜਿਲ੍ਹੇ ਦੇ ਢਿਲਵਾਂ ਬਲਾਕ ਦੇ ਉਪਰੋਕਤ ਪਿੰਡਾਂ ਦੀ ਚੋਣ ਪਾਇਲਟ ਪ੍ਰਾਜੈਕਟ ਤਹਿਤ ਕੀਤੀ ਜਾ ਰਹੀ ਹੈ, ਜਿਸ ਤਹਿਤ ‘ਵਿਲੇਜ਼ ਐਕਸ਼ਨ ਪਲਾਨ ’ ਲਈ ਬਣਾਈ ਗਈ ਟੀਮ ਵਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ।
ਵਿਭਾਗ ਵਲੋਂ ਪਿੰਡ ਪੱਧਰ ’ਤੇ ਪੰਚਾਇਤਾਂ ਦੀ ਗ੍ਰਾਮ ਸਭਾ ਦੌਰਾਨ ਆਮ ਸਹਿਮਤੀ ਨਾਲ ਹਰ ਪਿੰਡ ਦਾ ਐਕਸ਼ਨ ਪਲਾਨ ਤਿਆਰ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਅਗਲੇ 5 ਸਾਲ ਤੱਕ ਪਿੰਡ ਵਿਚ ਪਾਣੀ ਦੀ ਲੋੜ, ਹਰ ਘਰ ਨੂੰ ਟੈਬ ਕੁਨੈਕਸ਼ਨ ਦੇਣ ਆਦਿ ਬਾਰੇ ਜਾਣਕਾਰੀ ਤਿਆਰ ਕੀਤੀ ਜਾਵੇਗੀ।
ਪਿੰਡ-ਪਿੰਡ ਅੰਦਰ ਲੋਕਾਂ ਨੂੰ ਐਕਸ਼ਨ ਪਲਾਨ ਤਹਿਤ ਕੀਤੇ ਜਾਣ ਵਾਲੇ ਕੰਮਾਂ ਬਾਰੇ ਮਲਟੀ ਮੀਡੀਆ ਸਾਧਨਾਂ ਰਾਹੀਂ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਸਾਰੇ 100 ਫੀਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣਾ, ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦਾ ਵਿਕਾਸ , ਪੀਣ ਵਾਲੇ ਪਾਣੀ ਦੇ ਭਰੋਸ ਯੋਗ ਸਰੋਤਾਂ ਨੂੰ ਨਿਸ਼ਚਿਤ ਕਰਨਾ, ਪਾਇਪਾਂ ਰਾਹੀਂ ਪਾਣੀ ਦੇ ਵਿਤਰਣ ਵਿਚ ਵਾਧਾ ਰਸੋਈ ਅਤੇ ਬਾਥਰੂਮ ਦੇ ਗੰਧਲੇ ਪਾਣੀ ਦਾ ਪ੍ਰਬੰਧ ਸ਼ਾਮਿਲ ਹੈ।