ਪਾਰਟੀ ਵਿੱਚ ਉੱਠ ਰਹੀਆਂ ਬਾਗੀ ਸੁਰਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਅੱਜ
ਸੁਖਬੀਰ ਬਾਦਲ ਕਰਨਗੇ ਪ੍ਰਧਾਨਗੀ;ਬਿਕਰਮ ਮਜੀਠੀਆ ਵੀ ਹੋ ਸਕਦੇ ਹਨ ਸ਼ਾਮਿਲ
ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ)- ਪਾਰਟੀ ਵਿੱਚ ਲਗਾਤਾਰ ਉੱਠ ਰਹੀਆਂ ਬਗਾਵਤੀ ਸੁਰਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਹੋਵੇਗੀ। ਜਿਸ ਦੀ ਪ੍ਰਧਾਨਗੀ ਪ੍ਰਧਾਨ ਸੁਖਬੀਰ ਬਾਦਲ ਕਰਨਗੇ।ਇਸ ਮੀਟਿੰਗ ਵਿੱਚ ਵਿੱਚ ਪਾਰਟੀ ਨੂੰ ਇੱਕਜੁੱਟ ਕਰਨ ਅਤੇ ਬਾਗੀਆਂ ਖਿਲਾਫ ਕਾਰਵਾਈ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਬੀਤੇ ਕੱਲ੍ਹ ਹੀ ਜੇਲ੍ਹ ਵਿੱਚੋਂ ਬਾਹਰ ਆਏ ਬਿਕਰਮ ਮਜੀਠੀਆ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਮਾਝਾ ਅਕਾਲੀ ਦਲ ‘ਚ ਬਗਾਵਤ ਦਾ ਕੇਂਦਰ ਬਣਦਾ ਜਾ ਰਿਹਾ ਹੈ।
ਲਗਾਤਾਰ ਦੋ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੀ ਕਰਾਰੀ ਹਾਰ ਤੋਂ ਬਾਅਦ ਸੁਖਬੀਰ ਦੀ ਪ੍ਰਧਾਨਗੀ ਅਤੇ ਲੀਡਰਸ਼ਿਪ ‘ਤੇ ਸਵਾਲ ਚੁੱਕੇ ਜਾ ਰਹੇ ਹਨ।ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਕੋਰ ਕਮੇਟੀ ਸਮੇਤ ਸਾਰੇ ਵਿੰਗ ਭੰਗ ਕਰ ਦਿੱਤੇ । ਇਸ ਤੋਂ ਬਾਅਦ ਬਾਗੀ ਰਵੱਈਆ ਦਿਖਾ ਰਹੇ ਮਨਪ੍ਰੀਤ ਇਆਲੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਸੀਨੀਅਰ ਆਗੂਆਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਵੀ ਕੀਤੀ ਸੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਪਾਰਟੀ ਅੰਦਰ ਉੱਠ ਰਹੀਆਂ ਬਾਗੀ ਆਵਾਜ਼ਾਂ ਦਰਮਿਆਨ ਅਨੁਸ਼ਾਸਨੀ ਕਮੇਟੀ ਦਾ ਗਠਨ ਵੀ ਕੀਤਾ ਸੀ।
![](https://punjabi.wishavwarta.in/wp-content/uploads/2022/08/FZpYqcqUcAEW35i-e1660020717810.jpg)