ਸੰਗਰੂਰ ਦੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਰਾਜਾ ਬੀਰਕਲਾਂ ਨੇ ਕਾਂਗਰਸ ਪਾਰਟੀ ‘ਚ ਕੀਤੀ ਘਰ ਵਾਪਸੀ
ਚੰਡੀਗੜ੍ਹ, 30 ਅਪ੍ਰੈਲ, 2024 (ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਮਾਣਮੱਤੀਆਂ ਸ਼ਖਸੀਅਤਾਂ ਵੱਲੋਂ ਘਰ ਵਾਪਸੀ ਨਾਲ ਪੰਜਾਬ ਕਾਂਗਰਸ ਨੂੰ ਵੱਡੀ ਮਜ਼ਬੂਤੀ ਮਿਲੀ ਹੈ।
ਅੱਜ ਪੰਜਾਬ ਪੁਲਿਸ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਜਨਰਲ, ਗੁਰਿੰਦਰ ਸਿੰਘ ਢਿੱਲੋਂ ਨੇ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਵਲੋਂ ਆਯੋਜਿਤ ਕੀਤੇ ਇੱਕ ਸਮਾਰੋਹ ਦੌਰਾਨ ਅਧਿਕਾਰਤ ਤੌਰ ‘ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਗੁਰਿੰਦਰ ਸਿੰਘ ਢਿੱਲੋਂ ਨੇ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਤੋਂ ਸਵੈਇੱਛਤ ਸੇਵਾਮੁਕਤੀ ਲਈ ਸੀ। ਆਪਣੀ ਪਤਨੀ ਸਮੇਤ ਢਿੱਲੋਂ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਮਾਜ ਸੇਵਾ ਦੇ ਇੱਕ ਨਵੇਂ ਪੜਾਅ ਵੱਲ ਕਦਮ ਵਧਾਏ ਹਨ। ਇਹ ਕਦਮ ਕਾਂਗਰਸ ਲਈ ਮਹੱਤਵਪੂਰਨ ਸਾਬਿਤ ਹੋਣਗੇ।
ਇਸ ਤੋਂ ਇਲਾਵਾ, ਪੰਜਾਬ ਕਾਂਗਰਸ ਨੇ ਵੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਵਾਰਤਾ ਦੌਰਾਨ ਕਈ ਹੋਰ ਉੱਘੀਆਂ ਰਾਜਨੀਤਿਕ ਸ਼ਖਸੀਅਤਾਂ ਸਮੇਤ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦਾ ਆਪਣੀ ਪਾਰਟੀ ਵਿੱਚ ਵਾਪਸੀ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ।
ਪਾਰਟੀ ਦਾ ਸ਼ੁਕਰਾਨਾ ਕਰਦਿਆਂ ਢਿੱਲੋਂ ਕਿਹਾ ਕਿ, “ਕਾਨੂੰਨ ਲਾਗੂ ਕਰਨ ਵਾਲੇ “ਅਫ਼ਸਰ” ਵਜੋਂ ਮੈਂ ਆਪਣੇ ਜੀਵਨ ਦੇ ਲਗਭਗ ਦੋ ਦਹਾਕੇ ਪੰਜਾਬ ਦੀ ਸੇਵਾ ਵਿੱਚ ਸਮਰਪਿਤ ਕੀਤੇ ਹਨ। ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਅਤੇ ਕਾਂਗਰਸ ਪਾਰਟੀ ਨਾਲ ਰਲ ਕੇ ਮੈਂ ਆਪਣੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹਾਂ। ”
ਢਿੱਲੋਂ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਪੜਾਅ ਅਤੇ ਹਰਿਮੰਦਰ ਸਾਹਿਬ ਦੀ ਯਾਤਰਾ ਵਰਗੇ ਮੌਕਿਆਂ ਦੌਰਾਨ ਰਾਹੁਲ ਗਾਂਧੀ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਅਤੇ ਢਿੱਲੋਂ ਨੇ ਕਿਹਾ ਕਿ ਉਹਨਾਂ ਮੁਲਾਕਾਤਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਖੁਸ਼ਹਾਲ ਦੇਸ਼ ਲਈ ਕਾਂਗਰਸ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਵੇਖ ਕੇ ਹੀ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ, “ਮੈਂ ਹਮੇਸ਼ਾ ਹੀ ਕਾਂਗਰਸ ਪਰਿਵਾਰ ਦਾ ਅਨਿੱਖੜਵਾਂ ਅੰਗ ਰਿਹਾ ਹਾਂ ਅਤੇ ਸਮੇਂ ਸਮੇਂ ਮੈਂ ਪਾਰਟੀ ਦੀ ਵਿਚਾਰਧਾਰਾ ਨੂੰ ਬੁਲੰਦ ਕਰਦਾ ਰਿਹਾ ਹਾਂ। ਬੇਇਨਸਾਫ਼ੀ ਅਤੇ ਤਾਨਾਸ਼ਾਹੀ ਵਿਰੁੱਧ ਚਲ ਰਹੀ ਇਸ ਲੜਾਈ ਵਿੱਚ ਮੈਨੂੰ ਸ਼ਾਮਲ ਕਰਨ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਅਸੀਂ ਪੰਜਾਬ ਵਿੱਚੋਂ ‘ਆਪ’ ਅਤੇ ਰਾਸ਼ਟਰੀ ਪੱਧਰ ‘ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾਂ, ਹਰਮਨਪ੍ਰੀਤ ਸਿੰਘ (ਡਿੱਕੀ ਜੇਜੀ), ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਡਾ. ਅਵਤਾਰ ਸਿੰਘ ਸ਼ੇਰੋਂ, ਜ਼ਿਲ੍ਹਾ ਕਿਸਾਨ ਸੈੱਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸਹਿਕਾਰੀ ਸਭਾ ਸ਼ੇਰੋਂ ਦੇ ਪ੍ਰਧਾਨ ਡਾ. ਨਰੇਸ਼ ਸ਼ਰਮਾ ਬੁੱਧੀਜੀਵੀ, ਸੰਗਰੂਰ ਦੇ ਪ੍ਰਧਾਨ ਡਾ. ਨਵੀਨ ਕੁਮਾਰ ਬੰਟੀ, ਸੁਨਾਮ ਦੇ ਸਾਬਕਾ ਐਮ.ਸੀ. ਸਰਦਾਰ ਬਲਕਾਰ ਸਿੰਘ, ਸੇਵਾਮੁਕਤ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਢੀਂਡਸਾ, ਤਰੰਜੀ ਖੇੜਾ ਦੇ ਸਰਪੰਚ ਡਾ. ਮਲਕੀਤ ਸਿੰਘ ਟੋਹਲਾਵਾਲ, ਕਿਸਾਨ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਡਾ. ਅਤੇ ਬਲਵਿੰਦਰ ਸਿੰਘ ਧਾਲੀਵਾਲ ਬੀਰਕਲਾਂ ਨੇ ਵੀ ਇਸ ਸ਼ੁਭ ਮੌਕੇ ‘ਤੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਾ ਵਾਅਦਾ ਕੀਤਾ।