ਰਾਵਲਪਿੰਡੀ, 4 ਦਸੰਬਰ : ਪਾਕਿਸਤਾਨੀ ਫੌਜ ਵਿਚ ਪਹਿਲੇ ਸਿੱਖ ਅਫਸਰ ਮੇਜਰ ਹਰਚਰਨ ਸਿੰਘ ਨੇ ਕੱਲ੍ਹ ਗੁਰ ਮਰਿਆਦਾ ਅਨੁਸਾਰ ਇਥੋਂ ਦੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਆਹ ਕਰਵਾਇਆ| ਪਾਕਿਸਤਾਨੀ ਫੌਜ ਦੇ ਅਧਿਕਾਰੀ ਵੱਲੋਂ ਟਵਿੱਟਰ ਉਤੇ ਸ਼ੇਅਰ ਕੀਤੀ ਗਈ ਜਾਣਕਾਰੀ ਅਤੇ ਫੋਟੋਆਂ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਅਤੇ ਸੈਨਾ ਦੇ ਅਫਸਰਾਂ ਨੇ ਇਸ ਵਿਆਹ ਵਿਚ ਸ਼ਿਰਕਤ ਕੀਤੀ| ਮੁਸਲਿਮ ਬਹੁਲ ਦੇਸ਼ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਹਰਚਰਨ ਸਿੰਘ 2007 ਤੋਂ ਸੈਨਾ ਵਿਚ ਉੱਚੇ ਅਹੁਦੇ ਉਤੇ ਤਾਇਨਾਤ ਹਨ|
ਹਰਚਰਨ ਸਿੰਘ ਦੇ ਉਨ੍ਹਾਂ ਦੀ ਪਤਨੀ ਨਾਲ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਹੋਏ| ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ|
ਇਸ ਦੌਰਾਨ ਪਾਕਿਸਤਾਨ ਆਰਮਡ ਫੋਰਸ ਦੇ ਅਧਿਕਾਰਤ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਹਰਚਰਨ ਸਿੰਘ ਦੇ ਵਿਆਹ ਦੀ ਖਬਰ ਅਤੇ ਫੋਟੋਆਂ ਨੂੰ ਸੋਸ਼ਲ ਮੀਡੀਆ ਉਤੇ ਪਾਉਂਦਿਆਂ ਲਿਖਿਆ ਹੈ ਕਿ ਇਹ ਪਾਕਿਸਤਾਨੀ ਆਰਮੀ ਦੀ ਏਕਤਾ ਦਾ ਪ੍ਰਤੀਕ ਹੈ| ਪਾਕਿਸਤਾਨ ਘੱਟ ਗਿਣਤੀ ਦੇ ਲੋਕਾਂ ਦੇ ਧਾਰਮਿਕ ਅਧਿਕਾਰਾਂ ਦਾ ਆਦਰ ਕਰਦਾ ਹੈ|