ਪਾਕਿਸਤਾਨ ਵਲੋਂ ਡਰੇਨ ਅੱਗੇ ਬੰਨ੍ਹ ਮਾਰਨ ਨਾਲ ਮਾਲਵੇ ਦੇ 5 ਜ਼ਿਿਲ੍ਹਆਂ ਦੇ ਗੰਦੇ ਪਾਣੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਮਚਾਈ ਤਬਾਹੀ
ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਕੀਤਾ ਦੌਰਾ
ਸਰਹੱਦੀ ਪਿੰਡਾਂ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੋ ਰਿਹਾ ਨਸੀਬ
ਇਵੇਂ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਪੰਜਾਬ, ਭਾਰਤ ਦਾ ਹਿੱਸਾ ਹੀ ਨਹੀਂ ਹੁੰਦੇ- ਸਰਪੰਚ ਜਮਸ਼ੇਰ ਮੁਹਾਰ
ਸੁਲਤਾਨਪੁਰ ਲੋਧੀ, 3 ਜੁਲਾਈ:ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਪਾਸਿਉਂ ਪਾਕਿਸਤਾਨ ਨਾਲ ਘਿਰੇ ਪਿੰਡ ਜਮਸ਼ੇਰ ਮੁਹਾਰ, ਥੇਹ ਕਲੰਦਰ ਸਮੇਤ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਉੱਘੇ ਵਾਤਾਵਰਣ ਪ੍ਰੇਮੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐਨ.ਜੀ.ਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕੀਤਾ। ਇਹ ਉਹ ਇਲਾਕਾ ਹੈ ਜਿੱਥੇ ਮਾਲਵੇ ਦੇ ਪੰਜ ਸ਼ਹਿਰਾਂ ਦਾ ਗੰਦਾ ਪਾਣੀ 22 ਸੇਮ ਨਾਲਿਆਂ ਰਾਹੀਂ ਇਕੱਠਾ ਹੁੰਦਾ ਹੈ। ਇਨ੍ਹਾਂ ਸੇਮ ਨਾਲਿਆਂ ਦਾ ਪਾਣੀ ਇਕੱਠਾ ਹੋ ਕੇ ਨਿਕਾਸੀ ਡਰੇਨ ਰਾਹੀਂ ਪਾਕਿਸਤਾਨ ਵੱਲ ਜਾਂਦਾ ਹੈ। ਇਹ ਪਾਣੀ ਗੰਦਾ ਹੋਣ ਕਾਰਨ ਪਾਕਿਸਤਾਨ ਵੱਲੋਂ ਇਸ ਨੂੰ ਬੰਨ੍ਹ ਮਾਰ ਕੇ ਰੋਕ ਦਿੱਤਾ ਹੈ, ਜਿਸ ਕਾਰਨ ਪਿੰਡ ਸੁਰੇਸ਼ਵਾਲਾ, ਜਮਸ਼ੇਰ ਮੁਹਾਰ, ਆਵਾ, ਕਾਬੁਲ ਸ਼ਾਹ, ਨੂਰ ਮੁਹੰਮਦ, ਗੁਹਰਾਮੀ, ਮੁਬਾਕਾ, ਮੁਹਾਰ ਸੋਨਾ ਆਦਿ ਸਮੇਤ ਦਰਜਨ ਦੇ ਕਰੀਬ ਪਿੰਡ ਗੰਦੇ ਪਾਣੀ ਦੀ ਮਾਰ ਝੱਲ ਰਹੇ ਹਨ।
ਫਾਜ਼ਿਲਕਾ ਦੇ ਇੰਨ੍ਹਾਂ ਪਿੰਡਾਂ ਵਿੱਚ 15 ਕਿਲੋਮੀਟਰ ਤੋਂ ਵੱਧ ਵਿੱਚ ਫੈਲੇ ਗੰਦਲੇ ਪਾਣੀ ਕਾਰਨ ਸੇਮ ਪੈਦਾ ਹੋਣ ਕਰਕੇ ਹਾਲਾਤ ਤਰਸਯੋਗ ਬਣੇ ਹੋਏ ਹਨ। ਇੰਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨਾ ਨੂੰ ਪੀਣ ਲਈ ਸ਼ੁੱਧ ਪਾਣੀ ਵੀ ਨਹੀਂ ਮਿਲ ਰਿਹਾ। ਸਰਕਾਰੀ ਕਰਮਚਾਰੀਆਂ ਵੱਲੋਂ ਵੱਖ ਵੱਖ ਸਮੇਂ ਇੰਨ੍ਹਾਂ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੇ ਭਰੇ ਜਾਂਦੇ ਸੈਂਪਲ ਵੀ ਫੇਲ ਹੋ ਚੁੱਕੇ ਹਨ। ਦਰਜਨ ਤੋਂ ਵੱਧ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਵੀ ਇੰਨ੍ਹਾਂ ਗੰਦੇ ਪਾਣੀਆਂ ਕਾਰਨ ਪੀਣ ਯੋਗ ਨਹੀਂ ਰਿਹਾ।
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਜਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਮਨਦੀਪ ਸਿੰਘ ਨਾਲ ਇੰਨ੍ਹਾਂ ਸਰਹੱਦੀ ਪਿੰਡਾਂ ਵਿੱਚ ਪਹੁੰਚੇ ਤਾਂ ਪਿੰਡ ਆਵਾ ਦੇ ਸਰਪੰਚ ਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਤੇ ਮਲੋਟ ਸ਼ਹਿਰਾਂ ਅਤੇ ਦਰਜਨਾਂ ਪਿੰਡਾਂ ਦਾ ਗੰਦਾ ਪਾਣੀ ਬਿੰਨ੍ਹਾਂ ਸੋਧਿਆਂ ਵੱਖ ਵੱਖ 22 ਸੇਮ ਨਾਲਿਆਂ ਰਾਹੀਆਂ ਸਾਡੇ ਪਿੰਡਾਂ ਵਿੱਚ ਇਕੱਠਾ ਹੁੰਦਾ ਹੈ। ਜਿਸ ਨਾਲ ਸਾਡੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਗੰਦਲਾ ਹੋ ਚੁੱਕਾ ਹੈ ਅਤੇ ਇੰਨ੍ਹਾ ਪਿੰਡਾਂ ਦੀ ਖੇਤੀ ਬਾੜੀ ਵੀ ਬਰਬਾਦ ਹੋ ਰਹੀ ਹੈ। ਖੇਤੀ ਲਈ ਨਹਿਰੀ ਪਾਣੀ ਵੀ 6 ਮਹੀਨੇ ਹੀ ਉਪਲੱਬਧ ਹੁੰਦਾ ਹੈ। ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਪੀਣ ਵਾਲੇ ਸਾਫ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਪੰਜਾਬ ਅਤੇ ਭਾਰਤ ਦਾ ਹਿੱਸਾ ਹੀ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਹੱਦੀ ਪਿੰਡਾਂ ਦੇ ਲੋਕਾ ਨੂੰ ਭਰੋਸਾ ਦਵਾਇਆ ਕਿ ਸਾਫ਼-ਸੁਥਰੀ ਜ਼ਿੰਦਗੀ ਜਿਉਣ ਦਾ ਸਭ ਨੂੰ ਹੱਕ ਹੈ। ਤੁਹਾਡੇ ਜਿਉਣ ਦੇ ਅਧਿਕਾਰਾਂ ਦੀ ਵੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਸਲਾ ਜਲਦ ਸਰਕਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਸੁਲਝਾਇਆ ਜਾਵੇਗਾ। ਉਨਾਂ੍ਹ ਕਿਹਾ ਕਿ ਉਹ ਇਸ ਸਮੱਸਿਆ ਬਾਰੇ ਐਨ.ਜੀ.ਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹੋਣ ਵਾਲੀਆਂ ਮੀਟਿੰਗਾਂ ਵਿੱਚ ਜਾਣੂ ਕਰਵਾਉਣਗੇ।
ਪਿੰਡ ਵਾਸੀਆਂ ਦੇ ਸੱਦੇ ‘ਤੇ ਪਿੰਡ ਥੇਹ ਕਲੰਦਰ ਦੇ ਛੱਪੜ ਦਾ ਦੌਰਾ ਕਰਦਿਆਂ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪਿੰਡ ਦਾ ਪਾਣੀ ਸੇਮ ਨਾਲੇ ਵਿੱਚ ਪਾਉਣ ਦੀ ਬਜਾਏ ਸੀਚੇਵਾਲ ਮਾਡਲ ਅਨੁਸਾਰ ਸੋਧ ਕੇ ਖੇਤੀ ਲਈ ਵਰਤਿਆ ਜਾਵੇ ਤਾਂ ਖੇਤਬਾੜੀ ਲਈ ਲਾਹੇਵੰਦ ਹੋਵੇਗਾ। ਡਰੇਨਾਂ ਵਿੱਚ ਗੰਦਾ ਪਾਣੀ ਪਾਉਣਾ ਕਿਸੇ ਪੱਖ ਤੋਂ ਵੀ ਜਾਇਜ਼ ਨਹੀਂ।
ਇਸ ਮੌਕੇ ਪਿੰਡ ਆਵਾ ਦੇ ਸਰਪੰਚ ਸ਼ਮਿੰਦਰ ਸਿੰਘ, ਸ਼ੁਰੇਸ਼ਵਾਲਾ ਦੇ ਸਰਪੰਚ ਸੁਧੀਰ ਕੁਮਾਰ, ਮੁਬਾਕਾ ਦੇ ਸਰਪੰਚ ਜਗਤਾਰ ਸਿੰਘ, ਗੁਹਰਾਮੀ ਦੇ ਸਰਪੰਚ ਜੋਗਿੰਦਰ ਸਿੰਘ, ਹਾਕਮ ਸਿੰਘ ਸਾਬਕਾ ਐਸ.ਡੀ.ਉ ਫਾਜ਼ਿਲਕਾ, ਰਜਿੰਦਰ ਸਿੰਘ ਧਰਾਂਗਵਾਲਾ, ਭਗਵਾਨ ਸਿੰਘ ਬਰਾੜ, ਲਵਪ੍ਰੀਤ ਸਿੰਘ ਸੇਖੋਂ, ਸੁਲੱਖਣ ਸਿੰਘ, ਪਲਪਿੰਦਰ ਸਿੰਘ, ਫੋਜਾ ਸਿੰਘ, ਭੋਲਾ ਸਿੰਘ, ਸਰਪੰਚ ਗੁਰਨਾਮ ਸਿੰਘ, ਸਾਹਿਬ ਸਿੰਘ, ਕਿਰਪਾਲ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਬੋਹੜ ਸਿੰਘ, ਨਿਰਮਲ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।