ਪਾਕਿਸਤਾਨ ‘ਚ ਆਟੇ ਦੀ ਕੀਮਤ 800 ਰੁਪਏ ਪ੍ਰਤੀ ਕਿਲੋ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ – ਆਉਣ ਵਾਲੇ ਭਾਰਤ ਤੋਂ 10 ਕਿਲੋ ਆਟਾ ਲਿਆਓ ਆਪਦੇ ਨਾਲ
ਅੰਮ੍ਰਿਤਸਰ, 4ਮਈ(ਵਿਸ਼ਵ ਵਾਰਤਾ)- ਪਾਕਿਸਤਾਨ ਵਿੱਚ ਆਟਾ ਪਾਕਿਸਤਾਨੀ ਕਰੰਸੀ ਵਿੱਚ 800 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਜਿਹੇ ‘ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਅਪੀਲ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਜਥੇ ਦਾ ਹਰ ਸ਼ਰਧਾਲੂ ਆਪਣੇ ਨਾਲ ਘੱਟੋ-ਘੱਟ ਦਸ ਕਿੱਲੋ ਆਟਾ ਜ਼ਰੂਰ ਲੈ ਕੇ ਆਵੇ। .
ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਮੁਖੀ ਸਵਰਨ ਸਿੰਘ ਗਿੱਲ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਅਰੋੜਾ ਨੇ ਦੱਸਿਆ ਕਿ ਜਥੇ ਦੀ ਆਮਦ ਦੌਰਾਨ ਗੁਰਦੁਆਰਿਆਂ ‘ਚ ਲੰਗਰ ਲਈ ਆਟੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਹਰ ਸ਼ਰਧਾਲੂ ਆਪਣੇ ਨਾਲ ਘੱਟੋ-ਘੱਟ ਦਸ ਕਿੱਲੋ ਆਟਾ ਜ਼ਰੂਰ ਲੈ ਕੇ ਆਵੇ। ਗਿੱਲ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 2 ਜੂਨ ਨੂੰ ਭਾਰਤੀ ਸ਼ਰਧਾਲੂਆਂ ਦਾ ਜਥਾ ਅਟਾਰੀ ਰੋਡ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ।
9 ਜੂਨ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ 11 ਜੂਨ ਨੂੰ ਸ਼ਰਧਾਲੂ ਘਰਾਂ ਨੂੰ ਪਰਤਣਗੇ। ਗਿੱਲ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਦਲ ਵਿੱਚ ਸ਼ਾਮਲ ਹਰੇਕ ਸ਼ਰਧਾਲੂ ਤੋਂ 9,000 ਰੁਪਏ ਦਾ ਬੱਸ ਕਿਰਾਇਆ ਵਸੂਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬੱਸ ਕਿਰਾਏ ‘ਚ ਕਟੌਤੀ ਦਾ ਐਲਾਨ ਕਰਨਾ ਚਾਹੀਦਾ ਹੈ।