ਪਾਇਲ ਤੋਂ ਆਮ ਆਦਮੀ ਪਾਰਟੀ ਵਿਧਾਇਕ ਗਿਆਸਪੁਰਾ ਦੀਆਂ ਮੁਸ਼ਕਿਲਾਂ ਵਿੱਚ ਹੋ ਸਕਦਾ ਹੈ ਵਾਧਾ
ਪੁਰਾਣੇ ਮਾਮਲੇ ਵਿੱਚ ਕਾਰਵਾਈ ਨਾ ਹੋਣ ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ, ਗ੍ਰਿਫਤਾਰੀ ਦੀ ਕੀਤੀ ਮੰਗ
ਚੰਡੀਗੜ੍ਹ,26 ਮਈ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਉਹਨਾਂ ਖਿਲਾਫ ਪਿਛਲੇ ਸਾਲ 20 ਸਤੰਬਰ ਨੂੰ ਪਾਇਲ ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਤੇ ਪੰਜਾਬ ਪੁਲਿਸ ਦੇ ਇੰਸਪੈਕਟ ਕਰਨੈਲ ਸਿੰਘ ਨੇ ਹਾਈਕੋਰਟ ਵਿਚ ਰਿਟ ਦਾਖਲ ਕੀਤੀ ਹੈ। ਦੱਸ ਦਈਏ ਕਿ ਉਸ ਸਮੇਂ ਗਿਆਸਪੁਰਾ ਲੋਕ ਇੰਨਸਾਫ ਪਾਰਟੀ ਦਾ ਹਿੱਸਾ ਸਨ ਅਤੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਪਾਇਲ ਥਾਣੇ ਦੀ ਹਦੂਦ ਅੰਦਰ ਧਰਨਾ ਦਿੱਤਾ ਸੀ। ਇਸ ਦੌਰਾਨ ਉਹਨਾਂ ਦੀ ਪੁਲਿਸ ਵਾਲਿਆਂ ਨਾਲ ਹੱਥੋਪਾਈ ਵੀ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਖਿਲਾਫ ਪੁਲਿਸ ਵਾਲਿਆਂ ਤੇ ਹਮਲਾ ਕਰਨ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਲਈ ਮਾਮਲਾ ਦਰਜ ਕੀਤਾ ਸੀ।