ਪਹਿਲੀ ਵਾਰ ਪੰਜਾਬ ਵਿਧਾਨ ਸਭਾ ਨੂੰ ਮਿਲ ਸਕਦੀ ਹੈ ਮਹਿਲਾ ਸਪੀਕਰ
ਪੜ੍ਹੋ,ਕਿਹੜੇ ਨਾਮ ਚਰਚਾ ‘ਚ
ਚੰਡੀਗੜ੍ਹ,15 ਮਾਰਚ(ਵਿਸ਼ਵ ਵਾਰਤਾ)-ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਨਵੀਂ ਕੈਬਨਿਟ ਨੂੰ ਲੈ ਕੇ ਚਰਚਾਵਾਂ ਜੋਰਾਂ ਤੇ ਹਨ। ਲਗਾਤਾਰ ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਲਗਭਗ ਸਾਰੇ ਹੀ ਵਿਧਾਇਕ ਮੰਤਰੀ ਬਣਾਏ ਜਾਣ ਦੀ ਦੌੜ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਨੂੰ ਲੈ ਕੇ ਵੀ ਨਵੀਂ ਚਰਚਾ ਛਿੜੀ ਹੋਈ ਹੈ। ਜਾਣਕਾਰੀ ਅਨੁਸਾਰ ‘ਆਪ’ ਦੀ ਨਵੀਂ ਸਰਕਾਰ ਵਿੱਚ ਕਿਸੇ ਮਹਿਲਾ ਵਿਧਾਇਕ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ।ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਮਹਿਲਾ ਸਦਨ ਦੀ ਅਗਵਾਈ ਕਰੇਗੀ। ਸਪੀਕਰ ਬਣਾਏ ਜਾਣ ਲਈ ਜਗਰਾਓਂ ਤੋਂ ਦੂਜੀ ਵਾਰ ਜਿੱਤਣ ਵਾਲੀ ਸਰਵਜੀਤ ਕੌਰ ਮਾਣੂੰਕੇ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਮ ਚਰਚਾ ਵਿੱਚ ਹਨ।
ਦੱਸ ਦਈਏ ਕਿ ਪਿਛਲੀਆਂ ਸਰਕਾਰਾਂ ਵਿੱਚ 2 ਜਾਂ ਇਸ ਤੋਂ ਜਿਆਦਾਵਾਰ ਜਿੱਤਣ ਵਾਲੇ ਕਿਸੇ ਸੀਨੀਅਰ ਵਿਧਾਇਕ ਨੂੰ ਸਪੀਕਰ ਦਾ ਅਹੁਦਾ ਦਿੱਤਾ ਜਾਂਦਾ ਰਿਹਾ ਹੈ,ਪਰ ਆਪ ਦੇ 92 ਵਿਧਾਇਕਾਂ ਵਿੱਚੋਂ ਜਿਆਦਾਤਰ ਪਹਿਲੀ ਵਾਰ ਜਿੱਤੇ ਹਨ।