ਪਹਿਲੀ ਮਹਿਲਾ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਅੱਜ
ਚੰਡੀਗੜ੍ਹ 13 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਅੱਜ ਦਾ ਦਿਨ ਹਰ ਮਹਿਲਾ ਕ੍ਰਿਕਟਰ ਲਈ ਖਾਸ ਹੈ। ਦੁਪਹਿਰ 2:30 ਵਜੇ ਤੋਂ ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਹੋਣ ਜਾ ਰਹੀ ਹੈ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਣ ਜਾ ਰਹੀ ਇਸ ਮੈਗਾ ਨਿਲਾਮੀ ਵਿੱਚ 409 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਨ੍ਹਾਂ ਵਿੱਚ 15 ਦੇਸ਼ਾਂ ਦੀਆਂ ਮਹਿਲਾ ਕ੍ਰਿਕਟਰਾਂ ਸ਼ਾਮਲ ਹਨ।
ਬੀਸੀਸੀਆਈ ਮੁਤਾਬਕ ਇਸ ਨਿਲਾਮੀ ਲਈ ਦੁਨੀਆ ਭਰ ਦੇ 1525 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 246 ਭਾਰਤੀ ਅਤੇ 163 ਵਿਦੇਸ਼ੀ ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਵਿੱਚ ਹੁਣ 90 ਸਲਾਟ ਲਈ ਮੁਕਾਬਲਾ ਹੋਵੇਗਾ। ਨਿਲਾਮੀ ਵਿੱਚ 24 ਖਿਡਾਰੀਆਂ ਦੀ ਸਭ ਤੋਂ ਉੱਚੀ ਅਧਾਰ ਕੀਮਤ 50 ਲੱਖ ਰੁਪਏ ਹੈ। ਇਨ੍ਹਾਂ ‘ਚ 10 ਭਾਰਤੀ ਅਤੇ 14 ਵਿਦੇਸ਼ੀ ਖਿਡਾਰੀ ਹਨ। ਜਦਕਿ 30 ਖਿਡਾਰੀਆਂ ਨੇ ਆਪਣੀ ਬੇਸ ਪ੍ਰਾਈਸ 40 ਲੱਖ ਰੱਖੀ ਹੈ। ਇਸ ਦੇ ਨਾਲ ਹੀ ਭਾਰਤ ਦੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜੇਤੂ ਟੀਮ ਦੀਆਂ ਸਾਰੀਆਂ ਖਿਡਾਰਨਾਂ ਨੇ ਨਿਲਾਮੀ ਲਈ ਰਜਿਸਟਰੇਸ਼ਨ ਕਰਵਾ ਲਿਆ ਹੈ।
ਭਾਰਤ ਤੋਂ ਇਲਾਵਾ ਅੰਤਿਮ ਸੂਚੀ ‘ਚ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸ਼੍ਰੀਲੰਕਾ, ਬੰਗਲਾਦੇਸ਼, ਆਇਰਲੈਂਡ ਅਤੇ ਜ਼ਿੰਬਾਬਵੇ ਦੇ ਖਿਡਾਰੀ ਸ਼ਾਮਲ ਹਨ। ਇਨ੍ਹਾਂ ਦੇ ਨਾਲ ਹੀ ਐਸੋਸੀਏਟ ਦੇਸ਼ਾਂ ਯੂਏਈ, ਹਾਂਗਕਾਂਗ, ਥਾਈਲੈਂਡ, ਨੀਦਰਲੈਂਡ ਅਤੇ ਅਮਰੀਕਾ ਦੇ 8 ਖਿਡਾਰੀਆਂ ਦੀ ਨਿਲਾਮੀ ਵਿੱਚ ਬੋਲੀ ਲਗਾਈ ਜਾਵੇਗੀ।
ਨਿਲਾਮੀ ਵਿੱਚ ਇੱਕ ਖਿਡਾਰੀ ਨੂੰ ਖਰੀਦਣ ਲਈ ਇੱਕ ਟੀਮ ਨੂੰ 12 ਕਰੋੜ ਰੁਪਏ ਦਾ ਪਰਸ ਮਿਲੇਗਾ। ਹਰ ਸਾਲ ਪਰਸ ‘ਚ ਡੇਢ ਕਰੋੜ ਰੁਪਏ ਦਾ ਵਾਧਾ ਹੋਵੇਗਾ। ਪੁਰਸ਼ਾਂ ਦੇ ਆਈਪੀਐਲ ਦੇ ਮੁਕਾਬਲੇ ਇਹ ਰਕਮ ਬਹੁਤ ਘੱਟ ਹੈ। ਪੁਰਸ਼ਾਂ ਦੇ ਆਈਪੀਐਲ ਵਿੱਚ ਇੱਕ ਟੀਮ ਦੇ ਕੋਲ 95 ਕਰੋੜ ਰੁਪਏ ਹਨ। ਹਰ ਟੀਮ ਨਿਲਾਮੀ ਵਿੱਚ 15 ਤੋਂ 18 ਖਿਡਾਰੀ ਖਰੀਦ ਸਕਦੀ ਹੈ। ਹਰ ਟੀਮ ਵਿੱਚ ਵੱਧ ਤੋਂ ਵੱਧ 6 ਵਿਦੇਸ਼ੀ ਖਿਡਾਰੀ ਹੀ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਹਿਸਾਬ ਨਾਲ ਕੁੱਲ 90 ਖਿਡਾਰੀ ਖਰੀਦੇ ਜਾਣਗੇ।
ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 6 ਕਰੋੜ ਰੁਪਏ, ਉਪ ਜੇਤੂ ਨੂੰ 3 ਕਰੋੜ ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ।ਵਿਮੈਨ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਵਿੱਚ ਅਹਿਮਦਾਬਾਦ ,ਮੁੰਬਈ, ਦਿੱਲੀ, ਬੈਂਗਲੁਰੂ ਅਤੇ ਲਖਨਊ ਦੀ ਫਰੈਂਚਾਇਜ਼ੀ ਦੀ ਨਿਲਾਮੀ ਕੀਤੀ ਜਾਣੀ ਹੈ। ਯਾਨੀ ਇਹ ਪੰਜ ਟੀਮਾਂ ਮਹਿਲਾ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣਗੀਆਂ।