*ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਕੀਤਾ ਚੈਕਅੱਪ*
*ਕਿਹਾ, ਡਾਕਟਰ-ਮਰੀਜ਼ ਦਾ ਇਹ ਰਿਸ਼ਤਾ ਹਮੇਸ਼ਾ ਰਹੇਗਾ ਕਾਇਮ*
ਚੰਡੀਗੜ੍ਹ, 21 ਮਈ( ਵਿਸ਼ਵ ਵਾਰਤਾ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਆਪਣੇ ਰੁਝੇਵਿਆਂ ਭਰੇ ਸ਼ਡਿਊਲ ਵਿੱਚੋਂ, ਜਦੋਂ ਵੀ ਉਹਨਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਦੇ ਹਨ। ਇਸੇ ਮੰਤਵ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਆਪਣੀ ਪੁਰਾਣੀ ਮਰੀਜ਼ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਚੈਕਅੱਪ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ(ਰਜਿ:) ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨਾਲ ਉਹਨਾਂ ਦੀਆਂ ਮੰਗਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਹੱਲ ਨੂੰ ਜਲਦੀ ਅਮਲ ਵਿੱਚ ਲਿਆਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਦੇ ਨਾਲ- ਨਾਲ ਹਰਗੋਬਿੰਦ ਮੇਰੀ ਪੁਰਾਣੀ ਮਰੀਜ਼ ਵੀ ਹੈ। ਉਨ੍ਹਾਂ ਕਿਹਾ ਕਿ ਡਾਕਟਰ-ਮਰੀਜ਼ ਦਾ ਇਹ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ।
ਅੱਜ ਹਰਗੋਬਿੰਦ ਨੇ ਮੀਟਿੰਗ ਦੌਰਾਨ ਮੰਤਰੀ ਨੂੰ ਆਪਣੀਆਂ ਅੱਖਾਂ ਦੇ ਚੈਕ-ਅੱਪ ਦੀ ਬੇਨਤੀ ਕੀਤੀ। ਡਾ. ਬਲਜੀਤ ਕੌਰ ਨੇ ਮੌਕੇ ਤੇ ਹੀ ਅੱਖਾਂ ਦਾ ਚੈਕ-ਅੱਪ ਕਰਕੇ ਉਸ ਨੂੰ ਦਵਾਈ ਲਿਖ ਕੇ ਦਿੱਤੀ। ਅੱਖਾਂ ਚੈੱਕ ਕਰਾਉਣ ਤੋਂ ਬਾਦ ਗਿਲੇ- ਸ਼ਿਕਵਿਆਂ ਦਾ ਮਾਹੌਲ ਹਾਸੇ ਵਿੱਚ ਬਦਲ ਗਿਆ। ਇਹ ਪਲ ਯਾਦਗਾਰੀ ਹੋ ਨਿੱਬੜੇ।
ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਆਪਣੀਆਂ ਅੱਖਾਂ ਦੇ ਕੀਤੇ ਚੈਕ-ਅੱਪ ਲਈ ਮੰਤਰੀ ਦਾ ਧੰਨਵਾਦ ਕੀਤਾ ਗਿਆ।