ਪਸ਼ੂ ਸਿਹਤ ਸੇਵਾਵਾਂ ਨੂੰ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਲਈ 418 ਨਵੇਂ ਵੈਟਨਰੀ ਅਫ਼ਸਰਾਂ ਨੂੰ ਛੇਤੀ ਦਿੱਤੇ ਜਾਣਗੇ ਨਿਯੁਕਤੀ ਪੱਤਰ: ਲਾਲਜੀਤ ਸਿੰਘ ਭੁੱਲਰ
ਪਸ਼ੂ ਪਾਲਣ ਮੰਤਰੀ ਵੱਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਕਰਾਉਣ ਦਾ ਐਲਾਨ
ਪਿੰਡ ਸੰਗਵਾਂ ਵਿਖੇ ਪਸ਼ੂ ਪਾਲਕਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਦੇ ਸੂਬਾ ਪੱਧਰੀ ਜਾਗਰੂਕਤਾ ਕੈਂਪ ‘ਚ ਕੀਤੀ ਸ਼ਿਰਕਤ
ਚੰਡੀਗੜ੍ਹ, 20 ਫ਼ਰਵਰੀ:ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਪਸ਼ੂ ਸਿਹਤ ਸੇਵਾਵਾਂ ਨੂੰ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਲਈ 418 ਨਵੇਂ ਵੈਟਰਨਰੀ ਅਫ਼ਸਰਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਤਾਂ ਜੋ ਪਿੰਡ ਪੱਧਰ ਤੱਕ ਨੂੰ ਪਸ਼ੂ ਪਾਲਕਾਂ ਨੂੰ ਪਸ਼ੂ ਸਿਹਤ ਸੇਵਾਵਾਂ ਆਸਾਨੀ ਨਾਲ ਮੁਹੱਈਆ ਹੋ ਸਕਣ।
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਗਵਾਂ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂ ਪਾਲਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਲਗਾਏ ਗਏ ਸੂਬਾ ਪੱਧਰੀ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਕਿਰਸਾਣੀ ਦੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਜ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਦੌਰਾਨ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਚੈਂਪੀਅਨਸ਼ਿਪ ਕਰਵਾਉਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 1367 ਵੈਟਰਨਰੀ ਹਸਪਤਾਲ ਅਤੇ 1489 ਪਸ਼ੂ ਡਿਸਪੈਂਸਰੀਆਂ ਹਨ, ਜਿਨ੍ਹਾਂ ਵਿੱਚ 29.65 ਲੱਖ ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ। ਇਸ ਤੋਂ ਇਲਾਵਾ 115.36 ਲੱਖ ਖੁਰਾਕਾਂ ਰਾਹੀਂ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਜਦਕਿ 14.23 ਲੱਖ ਬਨਾਉਟੀ ਗਰਭਦਾਨ ਦੇ ਟੀਕੇ ਪਸ਼ੂਆਂ ਨੂੰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਾਲ 2022-23 ਦੌਰਾਨ 14580 ਹਜ਼ਾਰ ਟਨ ਦੁੱਧ ਦੀ ਪੈਦਾਵਾਰ ਹੋਣ ਦੀ ਆਸ ਹੈ, ਜੋ ਸਾਲ 2021-22 ਤੋਂ 3.45% ਜ਼ਿਆਦਾ ਹੋਵੇਗੀ।
ਪਸ਼ੂ ਪਾਲਣ ਮੰਤਰੀ ਨੇ ਜਾਗਰੂਕਤਾ ਕੈੰਪ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਭਾਗ ਨਾਲ ਸਬੰਧਤ ਪ੍ਰਦਰਸ਼ਨੀਆਂ ਵੇਖੀਆਂ ਅਤੇ ਪਸ਼ੂ ਪਾਲਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਸਨਮਾਨਿਤ ਵੀ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 25 ਲੱਖ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ 25 ਲੱਖ ਖ਼ੁਰਾਕਾਂ ਗੋਟ ਪੌਕਸ ਵੈਕਸੀਨ ਦੀਆਂ ਖ਼ਰੀਦੀਆਂ ਗਈਆਂ ਹਨ ਅਤੇ ਇਹ ਮੁਹਿੰਮ ਦੇ ਤੌਰ ‘ਤੇ ਟੀਮਾਂ ਬਣਾ ਕੇ ਸੂਬੇ ਦੇ ਪਸ਼ੂ ਪਾਲਕਾਂ ਦੇ ਗਊਧਨ ਨੂੰ ਮੁਫ਼ਤ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਰਾਂ ਵਿੱਚ ਸਵਾਈਨ ਫੀਵਰ ਦੀ ਬੁਮਾਰੀ ਕਾਰਨ ਰਾਜ ਦੇ 10 ਜ਼ਿਲ੍ਹੇ ਪ੍ਰਭਾਵਿਤ ਹੋਏ ਸਨ ਅਤੇ ਸੂਬਾ ਸਰਕਾਰ ਵੱਲੋਂ ਲਗਭਗ 74 ਲੱਖ ਰੁਪਏ 95 ਸੂਰ ਪਾਲਕਾਂ ਨੂੰ ਹੁਣ ਤੱਕ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਰਾਜ ਵਿੱਚ ਬੱਕਰੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪਸ਼ੂ ਪਾਲਕਾਂ ਲਈ ਦੋ ਦਿਨਾਂ ਬੱਕਰੀ ਪਾਲਕ ਟ੍ਰੇਨਿੰਗ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ 500 ਬੱਕਰੀ ਪਾਲਕਾਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਡਾ. ਰਾਮਪਾਲ ਮਿੱਤਲ, ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਕੁਲਦੀਪ ਸਿੰਘ ਜੱਸੋਵਾਲ, ਡਾ. ਰਣਬੀਰ ਸ਼ਰਮਾ, ਡਾ. ਰਾਜ ਕੁਮਾਰ ਡਿਪਟੀ ਡਾਇਰੈਕਟਰ, ਡਾ. ਜੀ.ਐੱਸ. ਬੇਦੀ ਅਤੇ ਮੁੱਖ ਦਫ਼ਤਰ ਮੋਹਾਲੀ ਤੋਂ ਡਾ. ਪਰਮਪਾਲ ਸਿੰਘ ਅਤੇ ਡਾ. ਕਰਨ ਗੋਇਲ ਹਾਜ਼ਰ ਸਨ।