ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਦੇ ਸਮਾਗਮ ਦੀ ਹੋਈ ਆਰੰਭਤਾ
ਸੰਤ ਸੀਚੇਵਾਲ ਨੂੰ ਬਾਗਬਾਨੀ ਵਿਭਾਗ ਨੇ ਦਿੱਤੇ 550 ਫਲ ਸੀਡ ਬਾਲਜ਼
ਬਾਬੇ ਨਾਨਕ ਦੀ ਨਗਰੀ ਵਿੱਚ ਅੰਤਰਰਾਸ਼ਟਰੀ ਫਲ ਸਬਜ਼ੀ ਸਾਲ ਮਨਾਉਣ ਦੀ ਹੋਈ ਸ਼ੁਰੂਆਤ
ਵਿਸ਼ਵ ਜਲਗਾਹ: ਹਰੀਕੇ ਪੱਤਣ ਨੂੰ ਹਰਿਆਲੀ ਭਰਪੂਰ ਕਰਨਗੀਆਂ ਬੀਜ਼ ਬਾਲਜ਼
ਸੁਲਤਾਨਪੁਰ ਲੋਧੀ 23 ਜੁਲਾਈ : ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਦੀ ਆਰੰਭਤਾ ਮੌਕੇ ਬਾਗਬਾਨੀ ਵਿਭਾਗ ਸੁਲਤਾਨਪੁਰ ਲੋਧੀ ਦੇ ਵਿਕਾਸ ਅਫਸਰ ਕੁਲਵੰਤ ਸਿੰਘ ਨੇੇ 550 ਫਲ ਬੀਜ਼ ਬਾਲਜ਼ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਹੱਈਆ ਕਰਵਾਈਆਂ ਗਈਆਂ। ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਜਿੱਥੇ ਵੇਈਂ ਦੀ ਕਾਰਸੇਵਾ ਦੀ 21ਵੀਂ ਵਰੇ੍ਹਗੰਢ ਦੇ ਸਮਗਾਮ ਆਰੰਭ ਹੋ ਗਏ ਉੱਥੇ ਅੰਤਰਰਾਸ਼ਟਰੀ ਫਲ ਸਬਜ਼ੀ ਸਾਲ ਮਨਾਉਂਦਿਆ ਬਾਬੇ ਨਾਨਕ ਦੀ ਨਗਰੀ ਵਿੱਚ ਸਾੳਂੁਣ ਮਹੀਨੇ ਪੰਜਾਬ ਦੀਆਂ ਅਣਛੂਹੀਆਂ ਥਾਵਾਂ ਨੂੰ ਹਰਿਆ ਭਰਿਆ ਬਣਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ।
ਬਾਗਬਾਨੀ ਵਿਕਾਸ ਅਫਸਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੁਨੀਆਂ ਭਰ ਵਿੱਚ ਫਲ ਸਬਜ਼ੀ ਸਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਬਾਗਬਾਨੀ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਸ਼ਲੰਿਦਰ ਕੌਰ ਦੇ ਉਦਮਾਂ ਸਦਕਾ ਪੰਜਾਬ ਭਰ ਵਿੱਚ ਜ਼ਿਲ੍ਹੇ ਪੱਧਰ ‘ਤੇ ਢਾਈ ਲੱਖ ਵੱਖ-ਵੱਖ ਤਰ੍ਹਾਂ ਦੇ ਫਲ ਬੀਜ਼ ਬਾਲਜ਼ ਤਿਆਰ ਕੀਤੇ ਗਏ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਹਰਭਜਨ ਸਿੰਘ ਭੁੱਲਰ ਦੇ ਯਤਨਾਂ ਸਦਕਾ 9000 ਫਲ ਬੀਜ਼ ਬਾਲਜ਼ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਤਿਆਰ ਕੀਤੇ ਗਏ ਹਨ। ਜਿੰਨ੍ਹਾਂ ਵਿਚੋਂ 2000 ਫਲ ਸੀਡ ਬਾਲਜ਼ ਸੁਲਤਾਨਪੁਰ ਲੋਧੀ ਬਲਾਕ ਨੂੰ ਮੁਹੱਈਆ ਹੋਏ ਹਨ।
ਉਨ੍ਹਾਂ ਕਿਹਾ ਕਿ ਸੰਤ ਸੀਚਵਾਲ ਜੀ ਨੇ ਆਪਣੀ ਕਰਮ ਭੂਮੀ ਬਾਬੇ ਨਾਨਕ ਦੀ ਨਗਰੀ ਨੂੰ ਪ੍ਰਦੂਸ਼ਣ ਮੁਕਤ ਤੇ ਹਰਿਆ ਭਰਿਆ ਬਣਾਉਣ ਲਈ ਜੋ ਆਪਣੇ ਪੱਧਰ ‘ਤੇ ਸੰਘਰਸ਼ ਕੀਤਾ ਹੈ ਉਹ ਦੁਨੀਆਂ ਲਈ ਮਿਸਾਲ ਬਣ ਗਿਆ ਹੈ। ਅਜਿਹੇ ਵਾਤਾਵਰਣ ਮਾਹਿਰ ਕਰਮਯੋਗੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੋਂ ਸੁਲਤਾਨਪੁਰ ਲੋਧੀ ਹਲਕੇ ਵਿੱਚ ਫਲ ਬੀਜ਼ ਬਾਲਜ਼ ਲਗਾਉਣ ਦੀ ਮੁਹਿੰਮ ਦਾ ਆਰੰਭ ਕਰਵਾਉਣਾ ਸਾਡੇ ਵੱਡੇ ਭਾਗ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਜਲਗਾਹ ਹਰੀਕੇ ਪੱਤਣ ਦੀਆਂ ਅਣਛੂਹੀਆਂ ਥਾਵਾਂ ਨੂੰ ਹਰਿਆਲੀ ਭਰਪੂਰ ਕਰਨ ਲਈ ਸੰਤ ਸੀਚੇਵਾਲ ਜੀ ਦੇ ਸਹਿਯੋਗ ਨਾਲ 550 ਫਲ ਸੀਡ ਬਾਲਜ਼ ਬੀਜੀਆਂ ਜਾਣਗੀਆਂ।
ਇਸ ਮੌਕੇ ਬਾਗਬਾਨੀ ਫੀਲਡਮੈਨ ਜਸਬੀਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸ਼ੰਟੀ ਆਦਿ ਹਾਜ਼ਰ ਸਨ।