ਖੁਸ਼ਕਿਸਮਤ ਸਿੰਘ ਢਿਲੋਂ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ 15 ਕਿਲੇ ਝੋਨੇ ਦੀ ਫਸਲ ਬੀਜੀ ਸੀ ਅਤੇ ਕੰਬਾਇਨ ਨਾਲ ਕਟਾਈ ਤੋਂ ਬਾਅਦ ਉਸਨੇ ਕੁਝ ਖੇਤਾਂ ਵਲੋਂ ਪਰਾਲੀ ਨੂੰ ਚੁੱਕਾ ਲਿਆ ਅਤੇ ਬਾਕੀ ਦੇ ਖੇਤਾਂ ਵਿੱਚ ਪਰਾਲੀ ਨੂੰ ਖਿਲਾਰ ਦਿੱਤਾ। ਇਸ ਉਪਰੰਤ ਉਸਨੇ ਤਵੀਆਂ ਨਾਲ ਖੇਤ ਵਾਉਣ ਤੋਂ ਬਾਅਦ ਰੋਟਾਵੇਟਰ ਨਾਲ ਆਪਣੇ ਖੇਤ ਤਿਆਰ ਕਰਕੇ ਕਣਕ ਦੀ ਬਿਜਾਈ ਕਰ ਦਿੱਤੀ ਸੀ। ਉਸਨੇ ਦੱਸਿਆ ਕਿ ਭਾਂਵੇ ਉਸ ਨੂੰ ਕੁਝ ਮਿਹਨਤ ਤਾਂ ਵੱਧ ਕਰਨੀ ਪਈ ਹੈ ਪਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਸਨੇ ਕਿਹਾ ਕਿ ਹੁਣ ਉਸਨੂੰ ਪਹਿਲਾਂ ਦੇ ਮੁਕਾਬਲੇ ਖੇਤਾਂ ਵਿੱਚ ਖਾਦ ਵੀ ਘੱਟ ਪਾਉਣੀ ਪੈਂਦੀ ਹੈ ਜਿਸ ਕਾਰਨ ਉਸਦੇ ਖੇਤੀ ਖਰਚੇ ਵੀ ਘੱਟ ਹੋਏ ਹਨ। ਉਸਨੇ ਦੱਸਿਆ ਕਿ ਪਿਛਲੇ ਸਾਲ ਉਸਦੀ ਕਣਕ ਦਾ ਝਾੜ ਬਹੁਤ ਵਧੀਆ ਨਿਕਲਿਆ ਸੀ। ਕਿਸਾਨ ਖੁਸ਼ਕਿਸਮਤ ਸਿੰਘ ਨੇ ਅੱਗੇ ਦੱਸਿਆ ਕਿ ਉਸਨੇ ਫਸਲੀ ਵਿਭਿੰਨਤਾ ਤਹਿਤ 12 ਏਕੜ ਗੰਨੇ ਦੀ ਕਾਸ਼ਤ ਕੀਤੀ ਹੈ ਅਤੇ ਅਜਿਹਾ ਕਰਨ ਨਾਲ ਉਸਨੂੰ ਮੁਨਾਫਾ ਵੀ ਚੰਗਾ ਹੋ ਜਾਂਦਾ ਹੈ। ਉਸਨੇ ਇੱਕ ਏਕੜ ਵਿੱਚ ਦਾਲਾਂ ਦੀ ਕਾਸ਼ਤ ਵੀ ਕੀਤੀ ਹੋਈ ਹੈ।
ਕਿਸਾਨ ਖੁਸ਼ਕਿਸਮਤ ਸਿੰਘ ਢਿਲੋਂ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਬਹੁਤ ਹਾਨੀਕਾਰਕ ਹੈ ਅਤੇ ਕਿਸਾਨਾਂ ਨੂੰ ਇਸ ਰੁਝਾਨ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾੳੇਣ ਦੇ ਬਹੁਤ ਨੁਕਸਾਨ ਹਨ ਜਿਨਾਂ ਦੀ ਭਰਪਾਈ ਸ਼ਾਇਦ ਕਦੀ ਵੀ ਕੀਤੀ ਨਹੀਂ ਜਾ ਸਕਦੀ। ਉਸਨੇ ਦੱਸਿਆ ਕਿ ਉਹ ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਅਪਣਾਅ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਪਹਿਲਾਂ ਦੇ ਮੁਕਾਬਲੇ ਉਸਦੇ ਖੇਤੀ ਖਰਚੇ ਵੀ ਘਟੇ ਹਨ ਅਤੇ ਵੱਧ ਪੈਦਾਵਾਰ ਹੋਣ ਕਾਰਨ ਉਸਦੀ ਆਮਦਨ ਵੀ ਵਧੀ ਹੈ।