ਪਰਦੀਪ ਸਿੰਘ ਦੀ ਟਾਰਗੈਟ ਕਿਲਿੰਗ ਦਾ ਮਾਮਲਾ :
ਪੰਜਾਬ ਪੁਲਿਸ ਦੀ ਏਜੀਟੀਐਫ ਨੇ ਜੈਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਛੇਵੇਂ ਸ਼ੂਟਰ ਅਤੇ ਉਸਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫਤਾਰ ; ਦੋ ਪਿਸਤੌਲਾਂ ਬਰਾਮਦ
ਚੰਡੀਗੜ੍ਹ, 20 ਨਵੰਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਪੁਲਿਸ ਟੀਮਾਂ ਨਾਲ ਹੋਈ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਪ੍ਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਛੇਵੇਂ ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਇੱਕ ਵੱਡੀ ਸਫਲਤਾ ਦਰਜ ਕੀਤੀ ਹੈ। ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਵੱਲੋਂ ਰਚੀ ਗਈ ਸਾਜ਼ਿਸ਼ ਤਹਿਤ, ਪਰਦੀਪ ਨੂੰ 10 ਨਵੰਬਰ, 2022 ਨੂੰ ਕੋਟਕਪੂਰਾ ਵਿੱਚ ਉਸਦੀ ਦੁਕਾਨ ਦੇ ਬਾਹਰ ਛੇ ਸ਼ੂਟਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਉਸ ਦੇ ਦੋ ਸਾਥੀਆਂ ਹੈਪੀ ਮੇਹਲਾ (19) ਅਤੇ ਸਾਹਿਲ ਮੇਹਲਾ (18) ਦੋਵੇਂ ਵਾਸੀ ਹਨੂੰਮਾਨਗੜ੍ਹ, ਰਾਜਸਥਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਚੀਨ ਦੀ ਬਣੀ ਸਟਾਰ .30 ਕੈਲੀਬਰ ਅਤੇ .32 ਕੈਲੀਬਰ ਸਮੇਤ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।
ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਇਸ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਤਿੰਨ ਵਿਅਕਤੀਆਂ , ਜਿਨ੍ਹਾਂ ਵਿੱਚੋਂ ਦੋ ਮੁੱਖ ਸ਼ੂਟਰਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਭੁਪਿੰਦਰ ਸਿੰਘ ਉਰਫ਼ ਗੋਲਡੀ ਅਤੇ ਫੈਸਿਲੀਟੇਟਰ ਬਲਜੀਤ ਸਿੰਘ ਉਰਫ਼ ਮੰਨਾ ਵਜੋਂ ਕੀਤੀ ਗਈ ਸੀ, ਦੀ ਗ੍ਰਿਫਤਾਰੀ ਤੋਂ ਤਿੰਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਸ਼ਨੀਵਾਰ ਨੂੰ ਪੁਲਸ ਟੀਮਾਂ ਨੇ ਮਨੀ ਅਤੇ ਗੋਲਡੀ ਦੇ ਖੁਲਾਸੇ ’ਤੇ ਦੋ ਪਿਸਤੌਲ, ਮਾਰੂਤੀ ਰਿਟਜ਼ ਕਾਰ ਅਤੇ ਇਕ ਜੁਪੀਟਰ ਸਕੂਟਰ ਵੀ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਨੁੱਖੀ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਵੱਲੋਂ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਮੁਲਜ਼ਮ ਰਮਜਾਨ ਖਾਨ ਦੀ ਪੈੜ ਪਛਾਨਣ ਅਤੇ ਅਹਿਮ ਸੁਰਾਗ ਜੁਟਾਉਣ ਤੋਂ ਬਾਅਦ, ਡੀਐਸਪੀ ਬਿਕਰਮ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਜੈਪੁਰ ਵਿਖੇ ਵਿਨਾਇਕ ਐਨਕਲੇਵ ਕਲੋਨੀ ਦੀ ਇੱਕ ਇਮਾਰਤ ਵਿੱਚ ਉਸਦੀ ਲੋਕੇਸ਼ਨ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਆਪਣੇ ਦੋ ਸਾਥੀਆਂ ਨਾਲ ਛੁਪਿਆ ਹੋਇਆ ਸੀ।
ਡੀਜੀਪੀ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲਿਸ ਦੇ ਨਾਲ ਪੂਰਨ ਤਾਲਮੇਲ ਵਾਲੇ ਆਪ੍ਰੇਸ਼ਨ ਵਿੱਚ, ਏਜੀਟੀਐਫ ਟੀਮ ਨੇ ਰਮਜਾਨ ਖਾਨ ਨੂੰ ਉਸਦੇ ਕਿਰਾਏ ਦੀ ਰਿਹਾਇਸ਼ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ । ਡੀਜੀਪੀ ਨੇ ਕਿਹਾ ਕਿ ਜਦੋਂ ਪੁਲਿਸ ਟੀਮਾਂ ਨੇ ਰਮਜਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖਮੀ ਹੋ ਗਿਅ ਅਤੇ ਦੋਸ਼ੀ ਨੂੰ ਜੈਪੁਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਰਮਜਾਨ ਖਾਨ ਨਾਲ ਫੜੇ ਗਏ ਉਸਦੇ ਦੋ ਸਾਥੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪ੍ਰਦੀਪ ਸਿੰਘ ਦੀ ਟਾਰਗੈਟ ਕਿਲਿੰਗ ਦੇ ਸਬੰਧ ਵਿੱਚ ਐਫਆਈਆਰ ਨੰਬਰ :228 ਮਿਤੀ 10.11.2022 ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 307, 148, 149 ਅਤੇ ਅਸਲਾ ਐਕਟ ਦੀ ਧਾਰਾ 120-ਬੀ ਅਤੇ 25 ਦੇ ਤਹਿਤ ਪੁਲਿਸ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਪਹਿਲਾਂ ਹੀ ਦਰਜ ਹੈ।