ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਪੰਜ ਤੱਤਾਂ ’ਚ ਹੋਏ ਵਿਲੀਨ
ਮੁੱਖ ਮੰਤਰੀ ਭਗਵੰਤ ਮਾਨ ਅੰਤਿਮ ਸਸਕਾਰ ਵਿੱਚ ਹੋਏ ਸ਼ਾਮਲ
ਅੰਤਿਮ ਵਿਦਾਈ ਮੌਕੇ ਮੁੱਖ ਮੰਤਰੀ ਮਾਨ ਹੋਏ ਭਾਵੁਕ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)-ਪ੍ਰਸਿੱਧ ਪੰਜਾਬੀ ਕਵੀ ਅਤੇ ਸਾਹਿਤਕਾਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦਾ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਅੱਜ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਦੇਹ ਨੂੰ ਮੋਢਾ ਦਿੱਤਾ। ਇਸ ਤੋਂ ਪਹਿਲਾਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਲਈ ਕਈ ਲੋਕ ਉਨ੍ਹਾਂ ਦੀ ਰਿਹਾਇਸ਼ ‘ਤੇ ਇਕੱਠੇ ਹੋਏ। ਇਸ ਵਿਚ ਪ੍ਰਸਿੱਧ ਸਾਹਿਤਕਾਰ, ਕਲਾਕਾਰ, ਨੇਤਾ, ਵਿਧਾਇਕ, ਪ੍ਰੋਫੈਸਰ ਅਤੇ ਮੀਡੀਆ ਨਾਲ ਜੁੜੇ ਲੋਕ ਸ਼ਾਮਲ ਸਨ। ਸੁਰਜੀਤ ਪਾਤਰ ਦਾ 11ਮਈ ਨੂੰ ਦਿਹਾਂਤ ਹੋ ਗਿਆ ਸੀ ਪਰ ਉਨ੍ਹਾਂ ਦਾ ਬੇਟਾ ਵਿਦੇਸ਼ ਵਿਚ ਸੀ। ਅਜਿਹੇ ‘ਚ ਬੇਟੇ ਦੇ ਆਉਣ ਤੋਂ ਬਾਅਦ ਅੱਜ ਅੰਤਿਮ ਸਸਕਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆਂ ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਲਿਖਿਆ “ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਬ੍ਹ ਜੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸੀ… ਜੋ ਘਾਟਾ ਪਰਿਵਾਰ ਅਤੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਹੈ…ਅੱਜ ਲੁਧਿਆਣਾ ਵਿਖੇ ਪਾਤਰ ਸਾਹਬ ਜੀ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ… ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ… ਪਾਤਰ ਸਾਬ੍ਹ ਜੀ ਭਾਵੇਂ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਉਹਨਾਂ ਦੀਆਂ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਦਰਦ ਬਿਆਨ ਕਰਦੀਆਂ ਲਿਖ਼ਤਾਂ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹਿਣਗੀਆਂ…”