ਤਿੰਨ ਦੋਸ਼ੀਆ ਨੂੰ ਟੀ ਹੋਈ ਰਕਮ, ਸਵਾਈਪ ਮਸ਼ੀਨ, 66 ਏਟੀਐਮ ਕਾਰਡ ਅਤੇ ਇੱਕ ਐਸ.ਯੂ.ਵੀ. ਗੱਡੀ ਸਮੇਤ ਕੀਤਾ ਕਾਬੂ
ਪਠਾਨਕੋਟ, 10 ਅਗਸਤ(ਵਿਸ਼ਵ ਵਾਰਤਾ)- ਪਠਾਨਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਹਜ਼ਾਰਾਂ ਲੋਕਾਂ ਦੇ ਏਟੀਐਮ ਕਾਰਡਾ ਦੀ ਅਦਲਾ-ਬਦਲੀ ਕਰਕੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾਉਦੇ ਸਨ। ਪਠਾਨਕੋਟ ਪੁਲਿਸ ਨੇ ਉਹਨਾਂ ਕੋਲ਼ੋਂ 66 ATM ਕਾਰਡ, 19000 ਰੁਪਏ , ਇੱਕ ਸਵਾਈਪ ਮਸ਼ੀਨ ਅਤੇ SUV ਕਾਰ ਬਰਾਮਦ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਰਮੇਸ਼ ਕੁਮਾਰ, ਪਰੀਨ ਅਤੇ ਸਿਕੰਦਰ, ਵਾਸੀ ਹਿਸਾਰ ਹਰਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਐਸ.ਐਸ.ਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਏ.ਟੀ.ਐਮ ਕਾਰਡ ਧੋਖਾਧੜੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਵਿਸ਼ੇਸ਼ ਮੁਹਿੰਮ ‘ਸਾਈਬਰ ਸੁਰੱਖਿਆ’ ਚਲਾਈ ਗਈ ਹੈ, ਜਿਸ ਤਹਿਤ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੇ ਜ਼ਿਲ੍ਹੇ ਵਿੱਚ ਚੌਕਸੀ ਵਧਾਈ ਗਈ ਹੈ। ਐਸ.ਐਸ.ਪੀ ਨੇ ਅੱਗੇ ਕਿਹਾ ਕਿ ਗਿਰੋਹ ਦੇ ਮੈਂਬਰ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਚਾਰ ਪਹੀਆ ਵਾਹਨਾਂ ਵਿੱਚ ਘੁੰਮਦੇ ਸਨ ਅਤੇ ਉਹਨਾਂ ਏਟੀਐਮ ਬੂਥਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਜਿੱਥੇ ਸੁਰੱਖਿਆ ਗਾਰਡ ਤੈਨਾਤ ਨਹੀਂ ਹਨ। ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਸਮੂਹ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸਨ।
ਐਸਐਸਪੀ ਨੇ ਦੱਸਿਆ ਕਿ 8 ਅਗਸਤ ਨੂੰ ਕਾਂਤਾ ਦੇਵੀ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਆਪਣੀ ਧੀ ਨਾਲ ਸਰਨਾ ਸਟੇਸ਼ਨ ਸਥਿਤ ਏਟੀਐਮ ਵਿੱਚ 2000 ਰੁਪਏ ਕਢਵਾਉਣ ਗਈ ਸੀ। ਜਦੋਂ ਉਸਦੀ ਧੀ ਏਟੀਐਮ ਬੂਥ ਤੇ ਪੈਸੇ ਕਢਵਾਉਣ ਗਈ ਸੀ ਤਦ ਉਸਨੂੰ ਕੁਝ ਵਿਅਕਤੀਆਂ ਦੁਆਰਾ ਮਦਦ ਦੀ ਪੇਸ਼ਕਸ਼ ਦੇ ਬਹਾਨੇ ਉਸਦਾ ਕਾਰਡ ਬਦਲ ਦਿੱਤਾ ਗਿਆ ਸੀ। ਏਟੀਐਮ ਤੋਂ ਬਾਹਰ ਆਉਣ ਤੋਂ ਬਾਅਦ, ਮੇਰੀ ਬੇਟੀ ਨੇ ਦੇਖਿਆ ਕਿ ਕਾਰਡ ਤੇ ਕਿਸੇ ਰਜਨੀ ਦੇਵੀ ਦਾ ਨਾਮ ਲਿਖਿਆ ਹੋਇਆ ਸੀ। ਅਸੀਂ ਦੇਖਿਆ ਕਿ ਸਾਡੇ ਤੋਂ ਬਾਅਦ ਜੋ ਵਿਅਕਤੀ ਏਟੀਐਮ ਵਿੱਚ ਦਾਖਲ ਹੋਏ ਸਨ ਉਹ ਇੱਕ ਮਾਰੂਤੀ ਅਰਟਿਗਾ ਐਸਯੂਵੀ ਕਾਰ ਨੰਬਰ (ਐਚਆਰ 61 ਡੀ 8358)) ਵਿੱਚ ਭੱਜ ਗਏ ਸਨ।
ਕਾਂਤਾ ਦੇਵੀ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਬਾਅਦ ਮੇਰੀ ਲੜਕੀ ਦੇ ਮੋਬਾਈਲ ਨੰਬਰ ‘ਤੇ ਉਸਦੇ ਖਾਤੇ ਵਿੱਚੋਂ 75,000 ਰੁਪਏ ਦਾ ਲੈਣ-ਦੇਣ ਅਤੇ ਏ.ਟੀ.ਐਮ. ਵਿੱਚੋਂ 38000 ਰੁਪਏ ਕਢਵਾਉਣ ਦਾ ਮੈਸੇਜ ਆਇਆ।
ਐਸਐਸਪੀ ਖੱਖ ਨੇ ਦੱਸਿਆ ਕਿ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਸ਼ਹਿਰ ਦੀਆਂ ਕਈ ਥਾਵਾਂ ਤੋਂ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਪਠਾਨਕੋਟ ਅਤੇ ਥਾਣਾ ਸਦਰ ਪਠਾਨਕੋਟ ਦੀ ਸਾਂਝੀ ਟੀਮ ਨੇ ਕੋਟਲੀ ਨਾਹਰ ਵਿਖੇ ਚੈਕਿੰਗ ਪੁਆਇੰਟ ‘ਤੇ ਸ਼ੱਕੀ ਮਾਰੂਤੀ ਅਰਟਿਗਾ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ ਇੱਕ ਸਵਾਈਪ ਮਸ਼ੀਨ ਅਤੇ ਨਕਦੀ ਬਰਾਮਦ ਕੀਤੀ ਗਈ।
ਐਸਐਸਪੀ ਖੱਖ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਬਿਨਾਂ ਗਾਰਡਾਂ ਦੀ ਤੈਨਾਤੀ ਵਾਲੇ ਏ.ਟੀ.ਐਮ ਨੂੰ ਨਿਸ਼ਾਨਾ ਬਣਾਉਂਦੇ ਸਨ, ਅਤੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਦੇ ਬਹਾਨੇ ਲੋਕਾਂ ਦੇ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਠੱਗਦੇ ਸਨ। ਮੁਲਜ਼ਮ ਸਵਾਈਪ ਮਸ਼ੀਨ ਤੋਂ ਤੁਰੰਤ ਪੈਸੇ ਕਢਵਾ ਲੈਂਦੇ ਸਨ ਜਾਂ ਵੱਖ-ਵੱਖ ਥਾਵਾਂ ’ਤੇ ਜਾ ਕੇ ਏ.ਟੀ.ਐਮਜ਼ ਤੋਂ ਪੈਸੇ ਕਢਵਾ ਲੈਂਦੇ ਸਨ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 2-3 ਸਾਲਾਂ ਤੋਂ ਲੋਕਾਂ ਨਾਲ ਧੋਖਾਧੜੀ ਕਰ ਰਹੇ ਸਨ ਅਤੇ ਪਹਿਲਾਂ ਉਹ ਏ.ਟੀ.ਐਮ ਤੋਂ ਪੈਸੇ ਕਢਵਾ ਲੈਂਦੇ ਸਨ ਪਰ ਹੁਣ ਉਨ੍ਹਾਂ ਨੇ ਹਰਿਆਣਾ ਵਾਸੀ ਪਰਵੀਨ ਕੁਮਾਰ ਨਾਲ ਹੱਥ ਮਿਲਾਇਆ ਸੀ, ਜਿਸ ਨੇ ਉਨ੍ਹਾਂ ਨੂੰ ਸਵਾਈਪ ਮਸ਼ੀਨ ਮੁਹੱਈਆ ਕਰਵਾਈ ਸੀ ਅਤੇ ਲੁੱਟੇ ਗਏ ਪੈਸੇ ਨੂੰ ਸਾਂਝਾ ਕਰਨ ਲਈ 60:40 ਦੇ ਅਨੁਪਾਤ ਨਾਲ ਵੰਡ ਕੀਤੀ ਗਈ ਸੀ।
ਸ਼ੁਰੂਆਤੀ ਪੜਾਅ ਵਿੱਚ, ਪੁਲਿਸ ਨੂੰ ਪਤਾ ਲੱਗਿਆ ਸੀ ਕਿ ਮੁਲਜ਼ਮਾਂ ਨੇ ਇਸ ਸਵਾਈਪ ਮਸ਼ੀਨ ਤੋਂ 2.31 ਲੱਖ ਰੁਪਏ ਦਾ ਲੈਣ-ਦੇਣ ਕੀਤਾ ਅਤੇ ਇੱਕ ਦਿਨ ਵਿੱਚ ਏ.ਟੀ.ਐਮਜ਼ ਤੋਂ ਹਜ਼ਾਰਾਂ ਰੁਪਏ ਕਢਵਾਏ ਸਨ।
ਐਸਐਸਪੀ ਖੱਖ ਨੇ ਕਿਹਾ ਕਿ ਹੋਰ ਜਾਣਕਾਰੀ ਇਕੱਤਰ ਕਰਨ ਲਈ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕੀਤੀ ਗਈ ਧੋਖਾਧੜੀ ਦਾ ਅੰਕੜਾ ਦੱਸਦਿਆਂ ”, ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿੱਚ ਲੱਖਾਂ ਰੁਪਏ ਇਕੱਠੇ ਕੀਤੇ ਸਨ ਅਤੇ ਇਸ ਦੀ ਵਰਤੋਂ ਆਪਣੀ ਇੱਕ ਭੈਣ ਦੇ ਵਿਆਹ ਵਿੱਚ ਕੀਤੀ ਸੀ ਅਤੇ ਬਾਕੀ ਪੈਸੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਖਰਚ ਕੀਤੇ ਸਨ। ਇਸ ਤੋਂ ਇਲਾਵਾ ਉਹ ਵੱਖ-ਵੱਖ ਖੇਤਰਾਂ ਵਿੱਚ ਜਾਣ ਲਈ ਵਰਤੀ ਜਾਂਦੀ SUV ਗੱਡੀ ਦਾ 2000 ਰੁਪਏ ਪ੍ਰਤੀ ਦਿਨ ਦਾ ਕਿਰਾਇਆ ਅਦਾ ਕਰਦੇ ਸਨ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬਾਕੀ ਸਾਥੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।