ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਸ਼ੂ ਮੰਡੀਆਂ ਨਾ ਲਗਾਉਣ ਦੇ ਆਦੇਸ਼ ਜਾਰੀ
ਪਟਿਆਲਾ, 8 ਅਗਸਤ (ਵਿਸ਼ਵ ਵਾਰਤਾ)-:ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੰਪੀ ਸਕਿਨ ਬਿਮਾਰੀ ਦੀ ਗੰਭੀਰਤਾ ਨੂੰ ਮੁੱਖ ਰੱਖ ਕੇ ਇਸ ਨੂੰ ਪਸ਼ੂਆਂ ‘ਚ ਫੈਲਣ ਤੋਂ ਰੋਕਣ ਲਈ 31 ਅਗਸਤ ਤੱਕ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਹਰੇਕ ਤਰ੍ਹਾਂ ਦੇ ਪਸ਼ੂ ਮੇਲੇ ਅਤੇ ਮੰਡੀਆਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੀ ਹਨ ਅਤੇ ਪਸ਼ੂਆਂ ਨੂੰ ਇਕ ਰਾਜ ਤੋਂ ਦੂਸਰੇ ਰਾਜ ਵਿੱਚ ਟ੍ਰਾਂਸਪੋਰਟ ਵੀ ਨਹੀਂ ਕੀਤਾ ਜਾਵੇਗਾ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਪਟਿਆਲਾ ਵੱਲੋਂ ਇਹ ਧਿਆਨ ‘ਚ ਲਿਆਂਦਾ ਗਿਆ ਹੈ ਕਿ ਲੰਪੀ ਸਕਿਨ ਡਜ਼ੀਜ ਦੀ ਬਿਮਾਰੀ 15-16 ਜ਼ਿਲ੍ਹਿਆਂ ਦੇ ਪਸ਼ੂਆਂ ‘ਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਲਈ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਿਤੀ 31 ਅਗਸਤ 2022 ਤੱਕ ਪਟਿਆਲਾ ਜ਼ਿਲ੍ਹੇ ‘ਚ ਲੱਗਦੀਆਂ ਪਸ਼ੂ ਮੰਡੀਆਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ।