ਲੁਧਿਆਣਾ ,24 ਮਾਰਚ (ਰਾਜਕੁਮਾਰ ਸ਼ਰਮਾ);-ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਹੇਠ ਇਕ ਪਟਵਾਰੀ ਦੇ ਖਿਲਾਫ ਡੀ.ਸੀ ਦਫਤਰ ਵਿਖੇ ਮੰਗ ਪੱਤਰ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ।ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਸੰਗਠਨ ਦੇ ਕਾਰਜਕਰਤਾ ਨੇ ਆਪਣੀ ਪ੍ਰਾਪਰਟੀ ਦੀ ਫਰਦ ਕਢਵਾਉਣ ਲਈ ਪਟਵਾਰਖਾਨੇ ਅਪਲਾਈ ਕੀਤਾ ਜਿਸਦੇ ਏਵਜ਼ ਵਿਚ ਇਕ ਪਟਵਾਰੀ ਨੇ ਕਾਰਜਕਰਤਾ ਪਾਸੋਂ 35000 ਰੁਪਏ ਲਏ ਜਦਕਿ ਫਰਦ ਦੀ ਸਰਕਾਰੀ ਫੀਸ 25 ਰੁਪਏ ਤੈਅ ਕੀਤੀ ਗਈ ਹੈ ਅਤੇ ਸੰਗਠਨ ਕਾਰਜਕਰਤਾ ਨੇ ਪਟਵਾਰੀ ਤੋਂ ਪੈਸਿਆਂ ਦਾ ਹਿਸਾਬ ਮੰਗਿਆ ਤਾਂ ਪਟਵਾਰੀ ਨੇ ਕਿਹਾ ਕਿ ਜੇ ਫਰਦ ਲੈਣੀ ਹੈ ਤਾਂ 15000 ਰੁਪਏ ਫਰਦ ਦੇ ਹਿਸਾਬ ਨਾਲ ਦੇਣੇ ਪੈਣਗੇ।ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਉਕਤ ਪਟਵਾਰੀ ਆਪਣੇ ਓਹਦੇ ਦੀ ਦੁਰਵਰਤੋਂ ਕਰਕੇ ਸ਼ਰੇਆਮ ਭ੍ਰਿਸ਼ਟਾਚਾਰ ਕਰ ਰਿਹਾ ਹੈ ਅਤੇ ਪਟਵਾਰੀ ਨੇ ਕੰਮ ਲਈ ਅਨੈਤਿਕ ਤੌਰ ਤੇ ਨਿਜੀ ਕਰਿੰਦੇ ਰੱਖੇ ਹੋਏ ਹਨ ਜੋ ਕਿ ਖੁ੍ਲੇਆਮ ਮੋਟੇ ਰੁਪਏ ਜਨਤਾ ਤੋਂ ਲੈ ਰਹੇ ਹਨ ਉਹਨਾਂ ਕਿਹਾ ਕਿ ਉਕਤ ਪਟਵਾਰੀ ਦੀ ਪ੍ਰਮੋਸ਼ਨ ਹੋ ਚੁਕੀ ਹੈ। ਇਸਦੇ ਬਾਵਜੂਦ ਭ੍ਰਿਸ਼ਟਾਚਾਰ ਦੀ ਆਦਤ ਦੇ ਚਲਦਿਆਂ ਇਥੋਂ ਜਾ ਨਹੀਂ ਰਿਹਾ ਹੈ। ਮੰਗ ਪੱਤਰ ਵਿਚ ਉਹਨਾਂ ਨੇ ਪ੍ਰਸ਼ਾਸਨ ਤੋਂ ਪਟਵਾਰੀ ਦੇ ਖਿਲਾਫ ਵਿਜ਼ੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਉਸਦੀ ਜਮੀਨ ਜਾਇਦਾਦ ਅਤੇ ਨਿਜੀ ਕਰਿੰਦਿਆਂ ਦੀ ਤਨਖਵਾਹ ਸੰਬੰਧੀ ਜਾਂਚ ਕਰਵਾਉਣ ਅਤੇ ਬਣਦੀ ਕਨੂੰਨੀ ਕਾਰਵਾਈ ਦੀ ਮੰਗ ਕੀਤੀ। ਪ੍ਰਵੀਨ ਡੰਗ ਨੇ ਕਿਹਾ ਕਿ ਪਹਿਲਾ ਜਿਥੇ ਰਜਿਸਟਰੀ ਹੁੰਦੀ ਸੀ ਫਰਦ ਵੀ ਉਥੋਂ ਹੀ ਮਿਲ ਜਾਂਦੀ ਸੀ ਅਤੇ ਅੱਜ ਦਾ ਸੀਨ ਇਸਦੇ ਉਲਟ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਆਪਣੀ ਫਰਦ ਕਢਵਾਉਣ ਲਈ ਕਈ ਕਿਲੋਮੀਟਰ ਦੂਰ ਸੁਨਸਾਨ ਜਗ੍ਹਾ ਤੇ ਬਣੇ ਪਟਵਾਰਖਾਨੇ ਤੋਂ ਆਪਣੇ ਕੰਮ ਕਰਵਾਉਣ ਜਾਣਾ ਪੈਂਦਾ ਹੈ ਅਤੇ ਜਿਆਦਾਤਰ ਉਥੇ ਪਟਵਾਰੀ ਆਪਣੀ ਸੀਟ ਤੇ ਮਿਲਦੇ ਨਹੀਂ ਅਤੇ ਉਹਨਾਂ ਦੇ ਰੱਖੇ ਕਰਿੰਦੇ ਜਨਤਾ ਪਾਸੋਂ ਮੂੰਹ ਮੰਗੇ ਵਟੋਰ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਟਵਾਰਖਾਨਾ ਜਨਤਾ ਦੀ ਪਹੁੰਚ ਵਿਚ ਬਣਾਇਆ ਜਾਵੇ ਅਤੇ ਇਸ ਨਾਲ ਸੰਬੰਧਿਤ ਕਾਰਜਵਿਧੀ ਨੂੰ ਸਰਲ ਬਣਾਇਆ ਜਾਵੇ ਤਾਂਕਿ ਜਨਤਾ ਭ੍ਰਿਸ਼ਟਾਚਾਰੀ ਪਟਵਾਰੀਆਂ ਤੋਂ ਬਚ ਸਕਣ।ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਕਾਰਵਾਈ ਨਹੀਂ ਕੀਤੀ ਤਾਂ ਉਹ ਇਨਸਾਫ ਲਈ ਹਾਈ ਕੋਰਟ ਜਾਨ ਤੋਂ ਗੁਰੇਜ ਨਹੀਂ ਕਰਨਗੇ।