ਪਿੰਡਾਂ ਅਤੇ ਕਸਬਿਆਂ ਵਿਚ ਕੱਪੜਿਆਂ ਦੇ ਹਜ਼ਾਰਾਂ ਮਾਸਕ ਬਣਾ ਕੇ ਵੰਡ ਰਹੀਆਂ ਹਨ
ਬਠਿੰਡਾ/28 ਮਾਰਚ( ਵਿਸ਼ਵ ਵਾਰਤਾ, ਕੁਲਬੀਰ ਬਿਰਾ )- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪਿਛਲੇ 11 ਸਾਲ ਤੋਂ ‘ਕੁੱਖ ਬਚਾਓ ਅਤੇ ਰੁੱਖ ਬਚਾਓ’ ਦੇ ਉਦੇਸ਼ ਹੇਠ ਚਲਾਈ ਜਾ ਰਹੀ ਨੰਨ੍ਹੀ ਛਾਂ ਦੇ ਯਤਨਾਂ ਨਾਲ ਆਤਮ-ਨਿਰਭਰ ਬਣੀਆਂ ਔਰਤਾਂ ਹੁਣ ਇਸ ਔਖ ਦੀ ਘੜੀ ਵਿਚ ਵੱਡੀ ਗਿਣਤੀ ਵਿਚ ਕੱਪੜਿਆਂ ਦੇ ਮਾਸਕ ਸਮਾਜ ਦਾ ਮੁੱਲ ਵਾਪਸ ਮੋੜ ਰਹੀਆਂ ਹਨ।
ਦੱਸਣਯੋਗ ਹੈ ਕਿ ਕਰੀਬ 10 ਹਜ਼ਾਰ ਔਰਤਾਂ ਇਸ ਸੰਸਥਾਂ ਕੋਲੋਂ ਸਿਲਾਈ ਅਤੇ ਕਢਾਈ ਦੀ ਸਿਖਲਾਈ ਲੈ ਚੁੱਕੀਆਂ ਹਨ। ਸੰਸਥਾ ਨੇ ਇਹਨਾਂ ਨੂੰ ਔਰਤਾਂ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਲਈ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੰਨ੍ਹੀ ਛਾਂ ਦੀ ਪ੍ਰਾਜੈਕਟ ਕੋਆਰਡੀਨੇਟਰ ਰਜਨੀ ਸਚਦੇਵਾ ਨੇ ਦੱਸਿਆ ਕਿ ਹੁਣ ਜਦੋਂ ਪੂਰਾ ਦੇਸ਼ ਕਰੋਨਾਵਾਇਰਸ ਦੀ ਲਪੇਟ ਵਿਚ ਆਇਆ ਹੋਇਆ ਹੈ ਤਾਂ ਅਸੀਂ ਮੁਫਤ ਮਾਸਕ ਵੰਡਣ ਲਈ ਸਾਡੀ ਸੰਸਥਾ ਦੇ ਮੈਂਬਰਾਂ ਅਤੇ ਸਵੈ-ਸੇਵੀ ਗਰੁੱਪਾਂ ਤਕ ਪਹੁੰਚ ਕੀਤੀ ਹੈ। ਬਠਿੰਡਾ, ਮਾਨਸਾ, ਮੁਕਤਸਰ ਅਤੇ ਜਲਾਲਾਬਾਦ ਤੋਂ ਸਾਡੇ ਮੈਂਬਰਾਂ ਨੇ ਸਾਡੀ ਸਰਪ੍ਰਸਤ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਅਪੀਲ ਨੂੰ ਬਹੁਤ ਹੀ ਸ਼ਾਨਦਾਰ ਹੁੰਗਾਰਾ ਦਿੱਤਾ ਹੈ ਅਤੇ ਆਪੋ ਆਪਣੇ ਇਲਾਕਿਆਂ ਵਿਚ ਮਾਸਕ ਵੰਡਣੇ ਸ਼ੁਰੂ ਕਰ ਦਿੱਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਕੁੱਝ ਦਿਨਾਂ ਵਿਚ ਅਸੀਂ ਲੋਕਾਂ ਵਿਚ ਕਈ ਹਜ਼ਾਰ ਮਾਸਕ ਵੰਡ ਦਿਆਂਗੇ।
ਨੰਨ੍ਹੀ ਛਾਂ ਕੁਆਡੀਨੇਟਰ ਨੇ ਅੱਗੇ ਦੱਸਿਆ ਕਿ ਇਸ ਨੇਕ ਕਾਰਜ ਲਈ ਸਾਰੀਆਂ ਔਰਤਾਂ ਨੇ ਮੁਫਤ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਬਹੁਤੀਆਂ ਔਰਤਾਂ ਵੱਲੋਂ ਸਿਲਾਈ ਦੌਰਾਨ ਬਚੇ ਕੱਪੜੇ ਦੇ ਟੁਕੜਿਆਂ ਦੇ ਮਾਸਕ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਵੀ ਲੋੜ ਹੁੰਦੀ ਹੈ ਤਾਂ ਨੰਨ੍ਹੀ ਛਾਂ ਇਹਨਾਂ ਔਰਤਾਂ ਨੂੰ ਮੁਫਤ ਕੱਪੜਾ ਪ੍ਰਦਾਨ ਕਰਵਾ ਰਹੀ ਹੈ। ਇਹ ਔਰਤਾਂ ਵਿਚ ਪਿੰਡਾਂ ਅਤੇ ਵਾਰਡਾਂ ਵਿਚ ਜਾ ਕੇ ਖੁਦ ਹੀ ਲੋਕਾਂ ਨੂੰ ਮਾਸਕ ਵੰਡ ਰਹੀਆਂ ਹਨ। ਬੀਬੀ ਰਜਨੀ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਸਥਾਪਤ ਕੀਤੇ ਵੱਖ ਵੱਖ ਸਿਲਾਈ ਕੇਂਦਰਾਂ ਦੇ ਵਿਦਿਆਰਥੀ ਅਤੇ ਇੰਸਟ੍ਰਕਟਰ ਵੀ ਇਸ ਕੰਮ ਵਿਚ ਉਹਨਾਂ ਦੀ ਮੱਦਦ ਕਰ ਰਹੇ ਹਨ।
ਇਸ ਮੁੱਦੇ ਉੱਤੇ ਗੱਲਬਾਤ ਕਰਦਿਆਂ ਨੰਨ੍ਹੀ ਛਾਂ ਦੀ ਸਰਪਰਸਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਮਹਿਸੂਸ ਕਰਦਿਆਂ ਕਿ ਪਿੰਡਾਂ ਅਤੇ ਬਸਤੀਆਂ ਵਿਚ ਲੋਕਾਂ ਨੂੰ ਮਾਸਕਾਂ ਦੀ ਲੋੜ ਹੈ, ਮੈਂ ਨੰਨ੍ਹੀ ਛਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਪਣੀਆਂ ਸਿਲਾਈ ਦੀਆਂ ਦੁਕਾਨਾਂ ਚਲਾ ਰਹੀਆਂ ਔਰਤਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਵਿਡ-19 ਖ਼ਿਲਾਫ ਇਸ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਮੈਂਨੂੰ ਮੇਰੀ ਨੰਨ੍ਹੀ ਛਾਂ ਦੇ ਵਲੰਟੀਅਰਾਂ ਉੱਤੇ ਮਾਣ ਹੈ ਕਿ ਇਹਨਾਂ ਔਖੇ ਸਮਿਆਂ ਵਿਚ ਸਮਾਜ ਦੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਇੱਕਜੁਟ ਹੋ ਕੇ ਕਰੋਨਾਵਾਇਰਸ ਖ਼ਿਲਾਫ ਇਸ ਜੰਗ ਨੂੰ ਜਰੂਰ ਜਿੱਤਾਂਗੇ। ਤੁਸੀਂ ਸਿਰਫ ਇਸ ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।