ਨੌਜਵਾਨ ਵਰਗ ਦਾ ਸੁਨੇਹਾ, ਆਉਣ ਵਾਲਾ ਸਮਾਂ ਅਕਾਲੀ ਦਲ ਦਾ-ਠੰਡਲ
ਸੀਨੀਅਰ ਆਗੂਆਂ ਤੇ ਤਜ਼ਰਬੇ ਤੇ ਯੂਥ ਦੇ ਜੋਸ਼ ਨਾਲ ਅੱਗੇ ਵਧਾਂਗੇ-ਇੰਦਰਜੀਤ ਕੰਗ
ਹੁਸ਼ਿਆਰਪੁਰ 6 ਅਪ੍ਰੈਲ (ਵਿਸ਼ਵ ਵਾਰਤਾ / ਤਰਸੇਮ ਦੀਵਾਨਾ ) ਨੌਜਵਾਨ ਸ਼ਕਤੀ ਤੋਂ ਬਿਨਾਂ ਜਿਵੇਂ ਪਰਿਵਾਰ ਅਧੂਰਾ ਹੁੰਦਾ ਹੈ ਤਿਵੇਂ ਹੀ ਸਿਆਸੀ ਪਾਰਟੀਆਂ ਦੀ ਸਾਹ ਰਗ ਵੀ ਉਸ ਨਾਲ ਜੁੜਿਆ ਯੂਥ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਫੈਸਲਿਆਂ ਨੇ ਹਮੇਸ਼ਾ ਯੂਥ ਦੇ ਵਿਕਾਸ ਪ੍ਰਤੀ ਹਾਮੀ ਭਰੀ ਹੈ ਤੇ ਇਹੀ ਕਾਰਨ ਹੈ ਕਿ ਅੱਜ ਵੀ ਸੂਬੇ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਅਕਾਲੀ ਪਰਿਵਾਰ ਦੇ ਮੈਂਬਰ ਹਨ, ਇਹ ਪ੍ਰਗਟਾਵਾ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਜਿਲ੍ਹਾ ਯੂਥ ਅਕਾਲੀ ਦਲ ਦੇਹਾਤੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਇੰਦਰਜੀਤ ਸਿੰਘ ਕੰਗ ਦੇ ਸਨਮਾਨ ਵਿੱਚ ਰੱਖੇ ਗਏ ਸਮਾਰੋਹ ਦੌਰਾਨ ਕੀਤਾ ਗਿਆ, ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਵਰਗ ਨੇ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ। ਉਨ੍ਹਾਂ ਨੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਤੁਹਾਡੇ ਮੋਢਿਆਂ ਉੱਪਰ ਵੱਡੀ ਜ਼ਿੰਮੇਵਾਰੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਤੁੁਸੀਂ ਪਾਰਟੀ ਹਾਈਕਮਾਂਡ ਵੱਲੋਂ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਗੇ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਦੇ ਤਜਰਬੇ ਤੇ ਯੂਥ ਆਗੂਆਂ ਦੇ ਜੋਸ਼ ਦੀ ਮਦਦ ਨਾਲ ਅਕਾਲੀ ਦਲ ਦੀ ਮਜਬੂਤੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂ ਤੇ ਵਰਕਰ ਪੰਜਾਬ ਦੇ ਪੁੱਤਰ ਹਨ ਤੇ ਪੁੱਤਰ ਕਦੇ ਵੀ ਆਪਣੀ ਜ਼ਮੀਨ ਨਾਲ ਧੋਖਾ ਨਹੀਂ ਕਰਦੇ ਜਦੋਂ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਨੇ ਇੱਕੋ ਇੱਕ ਮਕਸਦ ਪੰਜਾਬ ਨੂੰ ਲੁੱਟਣਾ ਹੈ ਤੇ ਅੱਜ ਇਹੀ ਸਭ ਕੁਝ ਚੱਲ ਰਿਹਾ ਹੈ ਲੇਕਿਨ ਅਸੀਂ ਪੰਜਾਬ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਦੇ ਹਾਂ ਕਿ ਬਾਹਰੋ ਆਏ ਧਾੜਵੀਆਂ ਨੂੰ ਰੋਕਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਦੇ ਦਿਆਂਗੇ ਪਰ ਪੰਜਾਬ ਦੇ ਹੱਕਾਂ ਉੱਪਰ ਕਿਸੇ ਨੂੰ ਡਾਕਾ ਨਹੀਂ ਮਾਰਨ ਦਿਆਂਗੇ। ਇਸ ਮੌਕੇ ਸੋਹਣ ਸਿੰਘ ਠੰਡਲ, ਹਰਜਾਪ ਸਿੰਘ ਮੱਖਣ, ਸਰਬਜੀਤ ਸਿੰਘ ਸੱਗੀ, ਮਨਦੀਪ ਸਿੰਘ ਸੈਦਪੁਰ, ਗੁਰਵਿੰਦਰ ਸਿੰਘ, ਕਰਨਵੀਰ ਸਿੰਘ ਰੇਹਲ ਆਦਿ ਵੀ ਮੌਜੂਦ ਸਨ।