ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਕੇ ਰੁਜ਼ਗਾਰ ਦਿਵਾਉਣ ਲਈ ‘ਮਿਸ਼ਨ ਰੈਡ ਸਕਾਈ’ ਸ਼ੁਰੂ
ਕਪੂਰਥਲਾ,24 ਫਰਵਰੀ (ਵਿਸ਼ਵ ਵਾਰਤਾ)-ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲ -ਦਲ ਵਿਚੋਂ ਕੱਢ ਕੇ ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਰੈਡ ਸਕਾਈ’ ਸ਼ੁੁਰੂ ਕੀਤਾ ਗਿਆ ਹੈ, ਜਿਸ ਤਹਿਤ ਜਿਲ੍ਹਾ ਕਪੂਰਥਲਾ ਅੰਦਰ ਡਾ. ਚਾਰੂਮਿਤਾ , ਐਸ.ਡੀ.ਐਮ. ਸੁਲਤਾਨਪੁਰ ਲੋਧੀ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਵੱਖ-ਵੱਖ ਵਿਭਾਗਾਂ ਤੋਂ 50 ਮਿਸ਼ਨ ਰੈਡ ਸਕਾਈ ਅਫਸਰ ਵੀ ਨਿਯੁਕਤ ਕੀਤੇ ਗਏ ਹਨ। ਜਿਲ੍ਹੇ ਵਿਚ ਇਸ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਡਾ. ਚਾਰੂਮਿਤਾ ਵਲੋਂ ਅੱਜ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਡਾ. ਚਾਰੂਮਿਤਾ ਨੇ ਦੱਸਿਆ ਕਿ ਪਹਿਲੀ ਸਟੇਜ ’ਤੇ ਨਸ਼ਾ ਛੱਡ ਚੁੱਕੇ ਪ੍ਰਾਰਥੀਆਂ ਨੂੰ ਰੈਡ ਸਕਾਈ ਅਫਸਰਾਂ ਵਲੋਂ ਵਿਅਕਤੀਗਤ ਪੱਧਰ ’ਤੇ ਕਾਊਂਸਲਿੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਤੇ ਸਵੈ ਰੁਜ਼ਗਾਰ ਲਈ ਪਰਖਿਆ ਜਾ ਸਕੇ।
ਇਕ ਮਿਸ਼ਨ ਰੈਡ ਸਕਾਈ ਅਫਸਰ ਨੂੰ ਅੱਗੇ 10 ਅਜਿਹੇ ਪ੍ਰਾਰਥੀ ਅਲਾਟ ਕਰ ਦਿੱਤੇ ਜਾਣਗੇ ਤਾਂ ਜੋ ਪ੍ਰਾਰਥੀਆਂ ਦਾ ਰੋਜ਼ਗਾਰ ਲਈ ਡਾਟਾ ਬੇਸ ਤਿਆਰ ਕੀਤਾ ਜਾ ਸਕੇ। ਇਸ ਤਹਿਤ ਯੋਗ ਪ੍ਰਾਰਥੀਆਂ ਨੂੰ ਸਿਖਲਾਈ ਦੇ ਕੇ ਪਲੇਸਮੈਂਟ ਕਰਵਾਈ ਜਾਵੇਗੀ। ਜਿਹੜੇ ਪ੍ਰਾਰਥੀ ਪਹਿਲਾਂ ਤੋਂ ਹੀ ਕੋਈ ਕੰਮ ਜਾਣਦੇ ਹਨ ਪਰ ਨੌਕਰੀ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਸਵੈ – ਰੋਜ਼ਗਾਰ ਸਕੀਮਾਂ ਅਧੀਨ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਕਰਜ਼ ਮੁਹੱਈਆ ਕਰਵਾਇਆ ਜਾਵੇਗਾ ।
ਮੀਟਿੰਗ ਵਿਚ ਜਿਲਾ ਰੋਜ਼ਗਾਰ ਅਫਸਰ ਸ੍ਰੀਮਤੀ ਨੀਲਮ ਮਹੇ , ਪਲੇਸਮੈਂਟ ਅਫਸਰ ਅਮਿਤ ਕੁਮਾਰ , ਕਰੀਅਰ ਕਾਊਂਸਲਰ , ਗੋਰਵ ਕੁਮਾਰ ਅਤੇ ਰਾਜੇਸ ਕੁਮਾਰ , ਪੀ.ਐਸ.ਡੀ.ਐਮ. ਸ਼ਾਮਿਲ ਸਨ ।