ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫੇਸਬੁੱਕ ਤੇ ਪੋਸਟਾਂ ਪਾ ਕੇ ਗੈਂਗਸਟਰ ਦੇ ਰਹੇ ਨੇ ਇੱਕ ਦੂਜੇ ਨੂੰ ਸ਼ਰੇਆਮ ਧਮਕੀਆਂ
ਨੀਰਜ ਬਵਾਨਾ ਗੈਂਗ ਨੇ ਲਾਰੇਂਸ ਬਿਸ਼ਨੋਈ ਤੇ ਮਨਕੀਰਤ ਔਲਖ਼ ਨੂੰ ਦੋ ਦਿਨਾਂ ਦੇ ਅੰਦਰ ਮਾਰਨ ਦੀ ਦਿੱਤੀ ਧਮਕੀ
ਚੰਡੀਗੜ੍ਹ,1 ਜੂਨ(ਵਿਸ਼ਵ ਵਾਰਤਾ)-ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਸ਼ਰੇਆਮ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂਗ ਵੀ ਖੁੱਲ੍ਹ ਕੇ ਮੈਦਾਨ ‘ਚ ਆ ਗਿਆ ਹੈ। ਦੱਸ ਦੇਈਏ ਕਿ ਨੀਰਜ ਬਵਾਨਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਹੈ ਅਤੇ ਖੁੱਲ੍ਹੀ ਧਮਕੀ ਦਿੱਤੀ ਹੈ ਕਿ ਉਹ ਦੋ ਦਿਨਾਂ ਵਿੱਚ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਇਸ ਦੇ ਨਾਲ ਹੀ ਫੇਸਬੁੱਕ ਪੋਸਟ ਤੇ ਹੀ ਇਹ ਧਮਕੀ ਦਿੱਤੀ ਗਈ ਹੈ ਕਿ ਦੋ ਦਿਨਾਂ ਦੇ ਅੰਦਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਮਾਰ ਦਿੱਤਾ ਜਾਵੇਗਾ। ਇਕ ਹੋਰ ਪੋਸਟ ਵਿੱਚ ਲਾਰੇਂਸ ਬਿਸ਼ਨੋਈ ਦੇ ਨਾਲ ਮਨਕੀਰਨ ਔਲਖ਼ ਦੀ ਫੋਟੋ ਵੀ ਪਾਈ ਗਈ ਹੈ,ਜਿਸਤੇ ਕਾਟਾ ਮਾਰਿਆ ਹੋਇਆ ਹੈ। ਦੱਸ ਦੇਈਏ ਕਿ ਨੀਰਜ ਬਵਾਨਾ ਦਾ ਨਾਮ ਹਾਲ ਹੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ਵਿੱਚ ਸੁਰਖੀਆਂ ਵਿੱਚ ਸੀ। ਦੱਸ ਦੇਈਏ ਕਿ ਨੀਰਜ ਬਵਾਨਾ ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ। ਜਿਸ ਕਾਰਨ ਉਨ੍ਹਾਂ ਦੇ ਨਾਂ ਨਾਲ ਬਵਾਨਾ ਜੁੜ ਗਿਆ। ਨੀਰਜ ਦੇ ਖਿਲਾਫ ਕਤਲ, ਡਕੈਤੀ, ਲੁੱਟ-ਖੋਹ, ਫਿਰੌਤੀ, ਲੋਕਾਂ ਨੂੰ ਧਮਕੀਆਂ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਰਗੇ ਕਈ ਮਾਮਲੇ ਦਰਜ ਹਨ। ਇਹ ਕੇਸ ਸਿਰਫ਼ ਦਿੱਲੀ ਵਿੱਚ ਹੀ ਨਹੀਂ ਬਲਕਿ ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਥਾਣਿਆਂ ਵਿੱਚ ਦਰਜ ਹਨ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨੀਰਜ ਬਵਾਨਾ ਜੇਲ੍ਹ ਦੇ ਅੰਦਰੋਂ ਆਪਣਾ ਗੈਂਗ ਚਲਾ ਰਿਹਾ ਹੈ।