ਜਲੰਧਰ ਵਿੱਚ ਵਾਪਰੀ ਵੱਡੀ ਵਾਰਦਾਤ
ਨਿੱਜੀ ਹਸਪਤਾਲ ਦੇ ਹੋਸਟਲ ‘ਚ ਤੇਜ਼ਧਾਰ ਹਥਿਆਰਾਂ ਨਾਲ ਨਰਸ ਦਾ ਕਤਲ; ਹਮਲੇ ‘ਚ ਇਕ ਹੋਰ ਨਰਸ ਗੰਭੀਰ ਜ਼ਖਮੀ
ਚੰਡੀਗੜ੍ਹ,25 ਅਗਸਤ(ਵਿਸ਼ਵ ਵਾਰਤਾ)- ਜਲੰਧਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੇ ਨਰਸਿੰਗ ਹੋਸਟਲ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨਰਸਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇਕ ਨਰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨਰਸ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਜ਼ਖ਼ਮੀ ਨਰਸ ਨੂੰ ਨਿੱਜੀ ਘਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਨਰਸ ਦੀ ਹਾਲਤ ਚਿੰਤਾਜਨਕ ਦੱਸੀ ਹੈ। ਉਕਤ ਘਟਨਾ ਜਲੰਧਰ ਦੇ ਸੰਘਾ ਚੌਕ ‘ਚ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਮਾਰੀ ਗਈ ਨਰਸ ਦੀ ਪਛਾਣ ਬਲਵਿੰਦਰ ਕੌਰ ਵਾਸੀ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨਰਸ ਦੀ ਪਛਾਣ ਜੋਤੀ ਵਜੋਂ ਹੋਈ ਹੈ। ਜੋਤੀ ਫਗਵਾੜਾ ਦੀ ਰਹਿਣ ਵਾਲੀ ਹੈ। ਦੋਵਾਂ ‘ਤੇ ਹਮਲਾ ਦੇਰ ਰਾਤ ਹੋਸਟਲ ਦੀ ਛੱਤ ‘ਤੇ ਹੋਇਆ।
ਕਤਲ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਹੈ। ਪੁਲਿਸ ਨੂੰ ਮੌਕੇ ਤੋਂ ਤੇਜ਼ਧਾਰ ਹਥਿਆਰ ਦਾ ਟੁੱਟਿਆ ਹੋਇਆ ਟੁਕੜਾ ਮਿਲਿਆ ਹੈ। ਪੁਲਿਸ ਨੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।