ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ‘ਆਨ ਲਾਇਨ ਸਟੱਡੀ’ ਲਈ ਲੋੜੀਂਦੇ ਕਦਮ ਚੁੱਕੇ ਸਿੱਖਿਆ ਮੰਤਰਾਲਾ-ਪਿ੍ਰੰਸੀਪਲ ਬੁੱਧ ਰਾਮ
ਬੱਚਿਆਂ ਦੀ ਘਰ ਬੈਠਿਆਂ ਪੜਾਈ ਲਈ ਦੂਰਦਰਸ਼ਨ ਤੇ ਕੇਬਲ ਟੀਵੀ ਦਾ ਸਦਉਪਯੋਗ ਹੋਵੇ-ਬੀਬੀ ਮਾਣੂੰਕੇ-ਮਾਸਟਰ ਬਲਦੇਵ ਸਿੰਘ
ਚੰਡੀਗੜ, 10 ਅਪ੍ਰੈਲ 2020 (ਵਿਸ਼ਵ ਵਾਰਤਾ )-ਵਿਸ਼ਵ-ਵਿਆਪੀ ਆਫ਼ਤ ਕੋਰੋਨਾਵਾਇਰਸ ਕਾਰਨ ਠੱਪ ਹੋਏ ਹਾਲਤ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਨਤਾ ਪ੍ਰਾਪਤ (ਐਫਿਲੇਟਡ) ਨਿੱਜੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਦੀਆਂ ਮਾਸਿਕ ਤਨਖ਼ਾਹਾਂ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਇਨਾਂ ਨਿੱਜੀ ਸਕੂਲਾਂ ਦੇ ਸਰਕਾਰ ਕੋਲ ਪਈ ਸਿਕਿੳੂਰਿਟੀ ਰਾਸ਼ੀ ਤੁਰੰਤ ਵਾਪਸ ਕੀਤੀ ਜਾਵੇ। ਇਸੇ ਤਰਾਂ ਐਸਸੀ/ਐਸਟੀ ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਵਜ਼ੀਫ਼ਾ ਯੋਜਨਾ ਦੀ ਸਰਕਾਰ ਵੱਲ ਖੜੀ ਅਰਬਾਂ ਰੁਪਏ ਦੀ ਬਕਾਇਆ ਰਾਸ਼ੀ ਵੀ ਹੰਗਾਮੀ ਹਲਾਤਾਂ ਤਹਿਤ ਸੰਬੰਧਿਤ ਕਾਲਜਾਂ ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਵਾਂ ਨੂੰ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਪਾਰਟੀ ਨੇ ਸਰਕਾਰੀ ਸਕੂਲਾਂ ‘ਚ ਪੜਦੇ ਵਿਦਿਆਰਥੀਆਂ ਨੂੰ ਘਰ ਬੈਠੇ-ਬੈਠੇ ਪੜਾਉਣ ਲਈ ‘ਆਨ ਲਾਇਨ ਸਟੱਡੀ’ ਸਮੇਤ ਹੋਰ ਸਾਧਨਾਂ ਨੂੰ ਵਰਤੋਂ ‘ਚ ਲਿਆਉਣ ਦੀ ਮੰਗ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲ ਰੱਖੀ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਸਟਾਫ਼ ਨੂੰ ਤਨਖ਼ਾਹਾਂ ਯਕੀਨੀ ਬਣਾਉਣ ਅਤੇ ਬੱਚਿਆਂ ਤੋਂ ਫ਼ੀਸਾਂ ਨਾ ਵਸੂਲੇ ਜਾਣ ਸੰਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਕਿਹਾ, ‘‘ਅਸੀਂ ਸਿੱਖਿਆ ਮੰਤਰੀ ਵੱਲੋਂ ਜਾਰੀ ਫ਼ਰਮਾਨ ਦੀ ਪ੍ਰੋੜਤਾ ਕਰਦੇ ਹਾਂ। ਇਸ ਸਮੇਂ ਮਾਪੇ ਬੱਚਿਆਂ ਦੀਆਂ ਫ਼ੀਸਾਂ ਜਮਾਂ ਕਰਾਉਣ ਦੀ ਸਮਰੱਥਾ ‘ਚ ਨਹੀਂ ਹਨ। ਇਸੇ ਤਰਾਂ ਇਨਾਂ ਨਿੱਜੀ ਸਕੂਲਾਂ, ਤਕਨੀਕੀ ਸੰਸਥਾਨਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਲੱਖਾਂ ਦੀ ਗਿਣਤੀ ‘ਚ ਕੰਮ ਕਰਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦਾ ਚੁੱਲਾ ਤਨਖ਼ਾਹ ਬਗੈਰ ਚੱਲਣਾ ਮੁਮਕਿਨ ਨਹੀਂ। ਸਾਰੇ ਨਿੱਜੀ ਸੰਸਥਾਨ ਆਪਣੇ ਸਟਾਫ਼ ਦੀ ਮਾਸਿਕ ਤਨਖ਼ਾਹ ਯਕੀਨਨ ਜਾਰੀ ਕਰਨ, ਪਰੰਤੂ ਕੀ ਇਹ ਸੰਭਵ ਹੈ ਕਿ ਵਿਦਿਆਰਥੀਆਂ ਤੋਂ ਫ਼ੀਸਾਂ ਵਸੂਲੇ ਬਗੈਰ ਨਿੱਜੀ ਸਿੱਖਿਆ ਸੰਸਥਾਨ ਆਪਣੇ ਸਮੁੱਚੇ ਸਟਾਫ਼ ਦੀ ਤਨਖ਼ਾਹ ਨਿਯਮਤ ਰੂਪ ‘ਚ ਜਾਰੀ ਕਰ ਸਕਣਗੇ?’’
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਿਰੋਧਾਭਾਸੀ (ਕੰਟਰਾਡਿਕਟਰੀ) ਹਲਾਤ ‘ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਚੰਗੀਆਂ ਗੱਲਾਂ ਕਰ ਰਹੇ ਹਨ ਪਰੰਤੂ ਇਹ ਸਰਕਾਰੀ ਫ਼ਰਮਾਨ ਉਦੋਂ ਤੱਕ ਬੇਮਾਨਾ ਹਨ ਜਦੋਂ ਤੱਕ ਸਰਕਾਰ ਖ਼ੁਦ ਵੀ ਇਨਾਂ ਨਿੱਜੀ ਸੰਸਥਾਨਾਂ ਦੀ ਬਾਂਹ ਨਹੀਂ ਫੜੇਗੀ। ਚੀਮਾ ਨੇ ਮੰਗ ਕੀਤੀ ਕਿ ਇਨਾਂ ਨਿੱਜੀ ਸਕੂਲਾਂ ਦੀ ਸਰਕਾਰ ਕੋਲ ਪਈ ਸਿਕਿੳੂਰਿਟੀ ਰਾਸ਼ੀ ਕੁੱਝ ਸਮੇਂ ਲਈ ਸਾਰੇ ਸੰਬੰਧਿਤ ਨਿੱਜੀ ਸਕੂਲਾਂ ਨੂੰ ਵਾਪਸ ਕਰ ਦਿੱਤੀ ਜਾਵੇ। ਉਨਾਂ ਦੱਸਿਆ ਕਿ ਪੰਜਾਬ ਵਿਚ 2800 ਐਫਿਲੇਟਡ , 2100 ਐਸੋਸਿਏਟਡ ਅਤੇ 3500 ਦੇ ਕਰੀਬ 5ਵੀਂ ਅਤੇ 8ਵੀਂ ਪੱਧਰ ਦੇ ਪ੍ਰਾਈਵੇਟ ਸਕੂਲ ਹਨ। ਜਿੰਨਾਂ ਵਿਚ ਕਰੀਬ 2 ਲੱਖ ਕਰਮਚਾਰੀ ਕੰਮ ਕਰਦੇ ਹਨ। ਇਸੇ ਤਰਾਂ ਪੋਸਟ ਮੈਟਿ੍ਰਕ ਵਜ਼ੀਫ਼ਾ ਯੋਜਨਾ ਤਹਿਤ, ਕਾਲਜਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਸੰਸਥਾਨਾਂ ਦੀ ਸਰਕਾਰ ਵੱਲ ਪਿਛਲੇ 5 ਸਾਲਾਂ ਤੋਂ ਬਕਾਇਆ ਖੜੀ 1800 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਕਿ ਇਹ ਸਾਰੇ ਨਿੱਜੀ ਸਿੱਖਿਆ ਸੰਸਥਾਨ ਆਪਣੇ ਸਟਾਫ਼ ਨੂੰ ਬਿਨਾ ਨਾਗ਼ਾ ਅਤੇ ਦੇਰੀ ਤਨਖ਼ਾਹਾਂ ਜਾਰੀ ਕਰ ਸਕਣ।
ਪਿ੍ਰੰਸੀਪਲ ਬੁੱਧਰਾਮ, ਬੀਬੀ ਮਾਣੂੰਕੇ ਅਤੇ ਮਾਸਟਰ ਬਲਦੇਵ ਸਿੰਘ ਨੇ ਸਰਕਾਰੀ ਸਕੂਲਾਂ ‘ਚ ਪੜਦੇ ਲੱਖਾਂ ਵਿਦਿਆਰਥੀਆਂ ਦੀ ਪ੍ਰਭਾਵਿਤ ਹੋ ਰਹੀ ਪੜਾਈ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਿੱਖਿਆ ਮੰਤਰੀ ਕੋਲੋਂ ਮੰਗ ਕੀਤੀ ਕਿ ਸਰਕਾਰ ਘਰ ਬੈਠੇ-ਬੈਠੇ ਇਨਾਂ ਵਿਦਿਆਰਥੀਆਂ ਨੂੰ ਪੜਾਈ ਨਾਲ ਜੁੜੇ ਰਹਿਣ ਦਾ ਪ੍ਰਬੰਧ ਕਰੇ।
‘ਆਪ’ ਆਗੂਆਂ ਨੇ ਜਿੱਥੇ ਮੋਬਾਈਲ ਫੋਨਾਂ ‘ਤੇ ਆਨ ਲਾਈਨ ਸਿਲੇਬਸ ਉਪਲਬਧ ਕਰਾਉਣ ਦੀ ਮੰਗ ਕੀਤੀ, ਉੱਥੇ ਦੂਰਦਰਸ਼ਨ ਅਤੇ ਸਥਾਨਕ ਕੇਬਲ ਟੀਵੀ ਪ੍ਰਣਾਲੀ ਦੀ ਮਦਦ ਲਏ ਜਾਣ ਦਾ ਸੁਝਾਅ ਵੀ ਦਿੱਤਾ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ‘ਚ ਬਹੁਗਿਣਤੀ ਗ਼ਰੀਬ ਦਲਿਤ, ਗਰਾਮੀਣ ਪਰਿਵਾਰਾਂ ਦੇ ਬੱਚੇ ਪੜਦੇ ਹਨ। ਬਹੁਤਿਆਂ ਦੇ ਘਰ ਸਮਾਰਟ ਮੋਬਾਈਲ ਵੀ ਨਹੀਂ ਹਨ, ਅਜਿਹੀ ਸਥਿਤੀ ‘ਚ ਦੂਰਦਰਸ਼ਨ ਅਤੇ ਸਥਾਨਕ ਕੇਬਲ ਅਪਰੇਟਰਾਂ ਦੀਆਂ ਵਿਸ਼ੇਸ਼ ਸੇਵਾਵਾਂ ਇਨਾਂ ਆਮ ਘਰਾਂ ਦੇ ਬੱਚਿਆਂ ਨੂੰ ਉਦੋਂ ਤੱਕ ਪੜਾਈ ਨਾਲ ਜੋੜ ਕੇ ਰੱਖ ਸਕਦੇ ਹਨ, ਜਦੋਂ ਤੱਕ ਸਕੂਲ ਨਹੀਂ ਖੁੱਲ ਜਾਂਦੇ।