ਨਿਸ਼ਾਨੇਬਾਜ ਸਿੱਪੀ ਸਿੱਧੂ ਕਤਲਕਾਂਡ
ਹਿਮਾਚਲ ਪ੍ਰਦੇਸ਼ ਹਾਈਕੋਰਟ ਦੀ ਜੱਜ ਦੀ ਧੀ ਕਲਿਆਣੀ ਸਿੰਘ ਦੀ ਅੱਜ ਅਦਾਲਤ ਵਿੱਚ ਮੁੜ ਤੋਂ ਪੇਸ਼ੀ
ਚੰਡੀਗੜ੍ਹ,5 ਜੁਲਾਈ(ਵਿਸ਼ਵ ਵਾਰਤਾ)- ਰਾਸ਼ਟਰੀ ਨਿਸ਼ਾਨੇਬਾਜ ਸਿੱਪੀ ਸਿੱਧੂ ਕਤਲਕਾਂਡ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਜੱਜ ਦੀ ਧੀ ਕਲਿਆਣੀ ਸਿੰਘ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਅੱਜ ਪੂਰੀ ਹੋ ਰਹੀ ਹੈ।ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਉਸ ਨੂੰ ਬੀਤੀ 15 ਜੂਨ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਪਹਿਲਾਂ 4 ਦਿਨ ਅਤੇ ਬਾਅਦ ਵਿੱਚ 2 ਦਿਨਾਂ ਦੇ ਰਿਮਾਂਡ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਕਲਿਆਣੀ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਹੇਠਲੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਸੀਬੀਆਈ ਅਦਾਲਤ ਵਿੱਚ ਵੀ ਅਪੀਲ ਦਾਇਰ ਕਰਨਗੇ। ਦਰਅਸਲ, ਕਲਿਆਣੀ ਦੀ ਗ੍ਰਿਫਤਾਰੀ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸੀਬੀਆਈ ਨੇ ਅਣਟਰੇਸ ਰਿਪੋਰਟ ਤੋਂ ਇਲਾਵਾ ਮ੍ਰਿਤਕ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਗਵਾਹਾਂ ਦੇ ਬਿਆਨ ਅਤੇ ਕੁਝ ਇਲੈਕਟ੍ਰਾਨਿਕ ਸਬੂਤ ਦਿੱਤੇ ਸਨ। ਬਚਾਅ ਪੱਖ ਨੇ 2020 ਵਿੱਚ ਦਾਇਰ ਅਣਟਰੇਸ ਰਿਪੋਰਟ ਤੱਕ ਇਹ ਦਸਤਾਵੇਜ਼ ਮੰਗੇ ਸਨ। ਸੀਬੀਆਈ ਨੇ ਵਿਰੋਧ ਜਤਾਇਆ ਸੀ ਕਿ ਚਲਾਨ ਪੇਸ਼ ਹੋਣ ਤੱਕ ਇਹ ਸਬੂਤ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਲਿਆਣੀ ਸਿੰਘ ਨੇ ਜ਼ਮਾਨਤ ਲਈ ਵੀ ਅਰਜੀ ਦਿੱਤੀ ਹੋਈ ਹੈ।ਜਿਸ ਤੇ 8 ਜੁਲਾਈ ਨੂੰ ਕੋਰਟ ਵਿੱਚ ਸੁਣਵਾਈ ਹੋਵੇਗੀ।