ਨਿਊਜ਼ੀਲੈਂਡ ਖਿਲਾਫ ਭਾਰਤ ਦੀ ਲਗਾਤਾਰ 5ਵੀਂ ਹਾਰ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)-ਨਿਊਜ਼ੀਲੈਂਡ ਖਿਲਾਫ ਵਨਡੇ ਕ੍ਰਿਕਟ ‘ਚ ਟੀਮ ਇੰਡੀਆ ਦੀ ਹਾਰ ਦਾ ਸਿਲਸਿਲਾ ਜਾਰੀ ਹੈ। ਆਕਲੈਂਡ ‘ਚ ਅੱਜ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਕੀਵੀ ਟੀਮ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ। ਭਾਰਤ ਲਈ ਤਿੰਨ ਬੱਲੇਬਾਜ਼ਾਂ ਕਪਤਾਨ ਸ਼ਿਖਰ ਧਵਨ (72), ਸ਼ੁਭਮਨ ਗਿੱਲ (50) ਅਤੇ ਸ਼੍ਰੇਅਸ ਅਈਅਰ (80) ਨੇ ਅਰਧ ਸੈਂਕੜੇ ਬਣਾਏ।
ਜਵਾਬ ‘ਚ ਨਿਊਜ਼ੀਲੈਂਡ ਨੇ 47.1 ਓਵਰਾਂ ‘ਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੀਵੀ ਟੀਮ ਦੀਆਂ 3 ਵਿਕਟਾਂ 88 ਦੌੜਾਂ ‘ਤੇ ਡਿੱਗ ਚੁੱਕੀਆਂ ਸਨ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ (94) ਅਤੇ ਟਾਮ ਲੈਥਮ ਨੇ ਚੌਥੀ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਤੋਂ ਮੈਚ ਖੋਹ ਲਿਆ।