ਨਾਰਾਜ਼ਗੀ ਦੀਆਂ ਅਫਵਾਹਾਂ ਵਿਚਾਲੇ ਭਗਵੰਤ ਮਾਨ ਨੇ ਕੀਤੀਆਂ ਸਰਗਰਮੀਆਂ ਤੇਜ
ਚੰਡੀਗੜ੍ਹ,4 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ 6 ਮਹੀਨੇ ਦਾ ਸਮਾਂ ਰਹਿ ਗਿਆ ਹੈ,ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਪਾਰਟੀ ਵਿੱਚ ਜਿੱਥੇ ਚੋਣਾਂ ਕਿਸ ਦੀ ਅਗਵਾਈ ਵਿੱਚ ਲੜਨੀਆਂ ਹਨ,ਇਸ ਗੱਲ ਦਾ ਕਲੇਸ਼ ਚੱਲ ਰਿਹਾ,ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਰੈਲੀਆਂ ਕਰਕੇ ਨਾਲ ਦੀ ਨਾਲ ਹੀ ਉਮੀਦਵਾਰਾਂ ਦਾ ਐਲਾਨ ਵੀ ਕਰ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਅਜੇ ਐਲਾਨ ਨਹੀਂ ਕੀਤਾ ਹੈ। ਪਾਰਟੀ ਵਰਕਰ ਲਗਾਤਾਰ ਇਸਦੀ ਮੰਗ ਉਠਾ ਰਹੇ ਹਨ। ਇਸ ਦੌਰਾਨ ਨਾਰਾਜ਼ਗੀ ਕਾਰਨ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਰਹੇ ਪੰਜਾਬ ਦੇ ਆਪ ਮੁਖੀ ਭਗਵੰਤ ਮਾਨ ਹੁਣ ਸਰਗਰਮ ਹੋ ਗਏ ਹਨ। ਮਾਨ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਪਹਿਲਾਂ ਪਾਰਟੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਮਾਨ ਘਰ ‘ਚ’ ਹੀ ਸ਼ਕਤੀ ਸ਼ੋਅ ‘ਕਰ ਰਹੇ ਹਨ। ਪਾਰਟੀ ਨੂੰ ਸੰਦੇਸ਼ ਦੇਣ ਲਈ ਭਗਵੰਤ ਮਾਨ ਸੋਸ਼ਲ ਮੀਡੀਆ ਰਾਹੀਂ ਇਕੱਠੀ ਹੋਈ ਭੀੜ ਦੀ ਤਾਕਤ ਦਿਖਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਬਾਰੇ ਭਗਵੰਤ ਮਾਨ ਦਾ ਬਿਆਨ ਵੀ ਆ ਗਿਆ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਲਈ ਸੀਐਮ ਦਾ ਮਤਲਬ ਆਮ ਆਦਮੀ ਹੈ, ਜੋ ਆਮ ਲੋਕਾਂ ਨਾਲ ਸਿੱਧਾ ਜੁੜਿਆ ਹੋਇਆ ਹੈ
ਸੰਗਰੂਰ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਦੇ ਬਾਹਰ ਵਰਕਰ ਇਕੱਠੇ ਹੋ ਰਹੇ ਹਨ। ਮੁੱਖ ਮੰਤਰੀ ਦੇ ਚਿਹਰੇ ਦੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਸੰਗਰੂਰ ਵਿੱਚ ਸਮਰਥਕਾਂ ਨੇ ਲਗਾਤਾਰ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਵਰਕਰ ਹਾਈ ਕਮਾਂਡ ਨੂੰ ਚਿਤਾਵਨੀ ਵੀ ਦੇ ਰਹੇ ਹਨ ਕਿ ਜੇਕਰ ਮਾਨ ਨੂੰ ਜਲਦੀ ਚਿਹਰਾ ਨਾ ਐਲਾਨਿਆ ਗਿਆ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ। ਇਸ ਦੌਰਾਨ ਵਿਧਾਇਕ ਕੁਲਤਾਰ ਸੰਧਵਾ ਮਾਨ ਦੇ ਸਮਰਥਨ ਵਿੱਚ ਖੁੱਲ੍ਹ ਕੇ ਆਏ ਹਨ। ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ, ਵਰਕਰਾਂ ਨੇ ਭਗਵੰਤ ਮਾਨ ਨੂੰ ਚੁਣ ਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਮਾਨ ਨੇ ਪੰਜਾਬ ਦੇ ਕਾਰਪੋਰੇਟ ਘਰਾਣਿਆਂ ਵਿਰੁੱਧ ਲੜਾਈ ਲੜੀ ਹੈ। ਜੇਕਰ ਪਾਰਟੀ ਹਾਈਕਮਾਨ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਚਿਹਰਾ ਐਲਾਨਦੀ ਹੈ ਤਾਂ ਵਰਕਰਾਂ ਦਾ ਉਤਸ਼ਾਹ ਹੋਰ ਵਧੇਗਾ।
ਜਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਪਾਰਟੀ ਨੇ ਬਿਨ੍ਹਾਂ ਕਿਸ ਸੀਐਮ ਦੇ ਚਿਹਰੇ ਤੋਂ ਹੀ ਲੜੀ ਸੀ । ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਨਤੀਜਿਆਂ ਵਿੱਚ ਭੁਗਤਣਾ ਪਿਆ ਸੀ। ਹੁਣ ਵੀ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਕਈ ਲੀਡਰਾਂ ਨੇ ਮੁੱਖ ਮੰਤਰੀ ਦਾ ਚਿਹਰਾ ਜਲਦ ਐਲਾਨਣ ਦੀ ਗੱਲ ਕਹੀ ਹੈ। ਕੁੱਝ ਕੁ ਲੀਡਰਾਂ ਦੇ ਬਿਆਨਾਂ ਤੋਂ ਇਹ ਸਾਫ ਹੈ ਕਿ ਪਾਰਟੀ ਬਹੁਤ ਜਲਦ 2022 ਦੀਆਂ ਚੋਣਾਂ ਲਈ ਮੁੱਖ ਮੰਤਰ ਚਿਹਰਾ ਐਲਾਨ ਸਕਦੀ ਹੈ। ਦੱਸ ਦਈਏ ਕਿ ਪਾਰਟੀ ਨੇ ਅਜੇ ਕੋਠਿਆਲ ਨੂੰ ਉਤਰਾਖੰਡ ਦਾ ਮੁੱਖ ਮੰਤਰੀ ਚਿਹਰਾ ਬਣਾਇਆ ਹੈ, ਜਦੋਂ ਕਿ ਪੰਜਾਬ ਦੀਆਂ ਚੋਣਾਂ ਵੀ ਨਾਲੋ -ਨਾਲ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਪਾਰਟੀ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨਣ ਤੇ ਪੰਜਾਬ ਵਿੱਚ ਨੁਕਸਾਨ ਹੋ ਸਕਦਾ ਹੈ।