ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦੇ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ
ਚੰਡੀਗੜ੍ਹ 12 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਏ ਗਏ ਨਾਇਬ-ਤਹਿਸੀਲਦਾਰਾਂ ਦੀ ਭਰਤੀ ਦੇ ਪੇਪਰ ਵਿੱਚ ਹੋਏ ਘਪਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦਰਜਨ ਭਰ ‘ਨਾਇਬ ਤਹਿਸੀਲਦਾਰਾਂ ਤੇ ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰਾਂ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ ਦੀ ਪੁਲੀਸ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।ਇਸ ਦੇ ਨਾਲ ਹੀ ਦੱਸ ਦਈਏ ਕਿ 20 ਤੋਂ 22 ਲੱਖ ਰੁਪਏ ‘ਚ ਕੀਤੇ ਕਥਿਤ ਸੌਦੇ ਤਹਿਤ ਨਕਲ ਕਰਨ ਤੇ ਕਰਵਾਉਣ ਵਾਲ਼ੇ ਇਨ੍ਹਾਂ ਮੁਲ਼ਜ਼ਮਾਂ ਵਿੱਚ ਨਵਰਾਜ ਚੌਧਰੀ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਸੋਨੂ ਕੁਮਾਰ, ਲਵਪ੍ਰੀਤ ਸਿੰਘ, ਬਰਿੰਦਰਪਾਲ ਸਿੰਘ, ਬਲਦੀਪ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ ਤੇ ਓਂਕਾਰ ਗੁਪਤਾ ਸਣੇ ਇੱਕ ਮਹਿਲਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ 22 ਮਈ 2022 ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਲਿਖਤੀ ਇਮਤਿਹਾਨ ਲਿਆ ਗਿਆ ਸੀ ਜਿਸ ਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ ਸੀ। ਨਤੀਜਾ ਆਉਂਦਿਆਂ ਹੀ ਇਸ ਵਿਚ ਗੜਬੜੀਆਂ ਦਾ ਰੌਲ਼ਾ ਪੈ ਗਿਆ। ਉਮੀਦਵਾਰਾਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ ਵੀ ਇਸਨੂੰ ਲੈ ਕੇ ਸਵਾਲ ਚੁੱਕੇ ਸਨ। ਇਸ ਮਗਰੋਂ ਪਟਿਆਲਾ ਦੇ ਆਈਜੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਇੱਕ ਗਰੋਹ ਵੱਲੋਂ ਪ੍ਰਤੀ ਉਮੀਦਵਾਰ20 ਤੋਂ 22 ਲੱਖ ਰੁਪਏ ਲੈ ਕੇ ਨਕਲ ਕਰਵਾਈ ਗਈ ਹੈ। ਜਿਨ੍ਹਾਂ ਨੇ ਬਲੂਟੁੱਥ ਵਰਗੇ ਤਕਨੀਕੀ ਉਪਕਰਣਾਂ ਦੀ ਵਰਤੋਂ ਕਰਕੇ ਉਮੀਦਵਾਰਾਂ ਨੂੰ ਨਕਲ ਕਰਵਾਈ ਸੀ।