ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਵਿੱਚ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਮੇਤ 2 ਹੋਰ ਮੁਲਜ਼ਮ ਗ੍ਰਿਫਤਾਰ
ਚੰਡੀਗੜ੍ਹ 19 ਨਵੰਬਰ (ਵਿਸ਼ਵ ਵਾਰਤਾ)-: ਬਹੁ-ਚਰਚਿਤ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਬੀਤੇ ਕੱਲ੍ਹ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਲਿਖਤੀ ਪ੍ਰੀਖਿਆ ਵਿੱਚ ਦੂਜਾ ਰੈਂਕ ਹਾਸਲ ਕਰਨ ਵਾਲਾ ਵਿਦਿਆਰਥੀ ਵੀ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਇਮਤਿਹਾਨ ਵਿੱਚ ਦੂਜੇ ਨੰਬਰ ਤੇ ਆਉਣ ਵਾਲੇ ਬਲਰਾਜ ਸਿੰਘ ਅਤੇ ਮੈਰਿਟ ਸੂਚੀ ਵਿੱਚ 21ਵੇਂ ਨੰਬਰ ’ਤੇ ਆਏ ਵਰਿੰਦਰਪਾਲ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਬਲਰਾਜ ਪਹਿਲਾਂ ਪੀਪੀਐਸਸੀ ਦੀਆਂ ਦੋ ਪ੍ਰੀਖਿਆਵਾਂ ਪਾਸ ਕਰਨ ਵਿੱਚ ਅਸਫਲ ਰਿਹਾ ਸੀ।
ਇਸ ਸੰਬੰਧੀ ਪੁਲਸ ਅਧਿਕਾਰੀ ਨੇ ਦੱਸਿਆ, ”ਪੁੱਛਗਿੱਛ ਦੌਰਾਨ ਉਸ ਨੇ ਹਰਿਆਣਾ ਆਧਾਰਤ ਰੈਕੇਟ ਰਾਹੀਂ ਨੌਕਰੀ ਹਾਸਲ ਕਰਨ ਲਈ ਸੌਦਾ ਕਰਨ ਦੀ ਗੱਲ ਕਬੂਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਧਾਂਦਲੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕੁਝ ਸੰਭਾਵਤ ਤੌਰ ‘ਤੇ ਚੀਨ ਵਿੱਚ ਨਿਰਮਿਤ ਸਨ।