ਨਹੀਂ ਘਟੀਆਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ
ਆਮਦਨ ਤੋਂ ਵੱਧ ਸੰਪਤੀ ਮਾਮਲੇ ਚ ਹਾਈ ਕੋਰਟ ਨੇ ਸੈਣੀ ਦੀ ਅੰਤਰਿਮ ਜ਼ਮਾਨਤ ‘ਤੇ ਫੈਸਲਾ ਰੱਖਿਆ ਆਪਣੇ ਕੋਲ ਰਾਖਵਾਂ
ਚੰਡੀਗੜ੍ਹ,11ਅਗਸਤ(ਵਿਸ਼ਵ ਵਾਰਤਾ)- ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ, ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵੱਲੋਂ ਹਾਈ ਕੋਰਟ ਤੋਂ ਮੰਗੀ ਅੰਤਰਿਮ ਜ਼ਮਾਨਤ ‘ਤੇ ਹਾਈਕੋਰਟ ਨੇ ਅੱਜ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਹਾਈਕੋਰਟ ਸੈਣੀ ਦੀ ਇਸ ਜ਼ਮਾਨਤ ਬਾਰੇ ਇੱਕ ਜਾਂ ਦੋ ਦਿਨਾਂ ਵਿੱਚ ਆਪਣਾ ਫੈਸਲਾ ਦੇ ਸਕਦੀ ਹੈ।
ਪੰਜਾਬ ਵਿਜੀਲੈਂਸ ਨੇ ਸੈਣੀ ਅਤੇ ਉਸਦੇ 6 ਸਾਥੀਆਂ ਖਿਲਾਫ ਗੈਰ-ਕਾਨੂੰਨੀ ਸੰਪਤੀ ਅਤੇ ਪੈਸਿਆਂ ਦੇ ਲੈਣ-ਦੇਣ ਵਿੱਚ ਹੇਰਾਫੇਰੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸੈਣੀ ਨੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤਾ ਸੀ। ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਰੱਦ ਕਰਨ ਤੋਂ ਬਾਅਦ, ਸੈਣੀ ਨੇ ਹੁਣ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ। ਅੱਜ ਹਾਈ ਕੋਰਟ ਨੇ ਸੈਣੀ ਦੇ ਵਕੀਲ ਅਤੇ ਪੰਜਾਬ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।