ਨਸ਼ਿਆਂ ਵਿਰੁੱਧ ਸੁਨੇਹਾ ਦੇਣ ਵਿਚ ਸਫਲ ਰਹੀ ‘ਵਾਕਥਨ’
ਡਿਪਟੀ ਕਮਿਸ਼ਨਰ , ਐਸ.ਐਸ.ਪੀ. ਸਮੇਤ ਨੌਜਵਾਨਾਂ ਨੇ ਲਿਆ ਉਤਸ਼ਾਹ ਨਾਲ ਭਾਗ
ਸੁਲਤਾਨਪੁਰ ਲੋਧੀ, ਫਗਵਾੜਾ ਤੇ ਭੁਲੱਥ ਵਿਖੇ ਵੀ ਹੋਈ ਵਾਕਥਨ
ਕਪੂਰਥਲਾ, 3 ਜੁਲਾਈ : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਲੜਾਈ ਤਹਿਤ ਲੋਕਾਂ ਨੂੰ ਨਸ਼ੇ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕਰਨ ਅਤੇ ਵਿਸੇਸ਼ ਕਰਕੇ ਨੌਜਵਾਨਾਂ ਨੂੰ ਇਸਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਅੱਜ ਕਪੂਰਥਲਾ ਜਿਲ੍ਹੇ ਵਿਚ ‘ਵਾਕਥਨ ’ ਕਰਵਾਈ ਗਈ।
3 ਕਿਲੋਮੀਟਰ ਲੰਬੀ ‘ਵਾਕਥਨ’ ਸੈਨਿਕ ਸਕੂਲ ਤੋਂ ਸ਼ੁਰੂ ਹੋਈ ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਐਸ.ਐਸ.ਪੀ. ਸ. ਹਰਕਮਲਪ੍ਰੀਤ ਸਿੰਘ ਖੱਖ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਿਪਟੀ ਕਮਿਸ਼ਨਰ ਵਲੋਂ ‘ਵਾਕਥਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਅਤੇ ਐਸ.ਐਸ.ਪੀ ਸਮੇਤ ਹੋਰਨਾਂ ਅਧਿਕਾਰੀਆਂ ਨੇ ਵੀ ਇਸ ਵਿਚ ਭਾਗ ਲਿਆ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਵਿੱਖ ਦੇ ਉਸਰਈਏ ਹਨ, ਜਿਸ ਕਰਕੇ ਉਹ ਨਸ਼ੇ ਵਿਰੁੱਧ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਪੀੜ੍ਹਤਾਂ ਨੂੰ ਇਸ ਦਲਦਲ ਵਿਚੋਂ ਬਾਹਰ ਕੱਢਕੇ ਮੁੜ ਵਸੇਬੇ ਲਈ ‘ਮਿਸ਼ਨ ਰੈਡ ਸਕਾਈ ’ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜਿਸਦੇ ਸਾਰਥਿਕ ਨਤੀਜੇ ਨਿਕਲੇ ਹਨ।
ਇਸ ਮੌਕੇ ਐਸ.ਐਸ.ਪੀ. ਸ੍ਰੀ ਖੱਖ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਲੜਾਈ ਵਿਚ ਸਾਥ ਦੇਣ ਕਿਉਂਕਿ ਹਮੇਸ਼ਾ ਨੌਜਵਾਨਾਂ ਦੀ ਸ਼ਕਤੀ ਨੇ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਹੈ। ਇਸ ਮੌੌਕੇ ਨਸ਼ਿਆਂ ਵਿਰੁੱਧ ਲੜਾਈ ਦਾ ਪ੍ਰਣ ਵੀ ਲਿਆ ਗਿਆ ਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਐਸ ਡੀ ਐਮ ਡਾ ਚਾਰੂਮਿਤਾ, ਫਗਵਾੜਾ ਵਿਖੇ ਐਸ ਡੀ ਐਮ ਸ਼ਾਇਰੀ ਮਲਹੋਤਰਾ ਤੇ ਭੁਲੱਥ ਵਿਖੇ ਐਸ ਡੀ ਐਮ ਬਲਬੀਰ ਰਾਜ ਦੀ ਅਗਵਾਈ ਹੇਠ ਵਾਕਥਨ ਕਰਵਾਈ ਗਈ ।
ਇਸ ਮੌਕੇ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ, ਉਪ ਜਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ, ਡਾ. ਸੰਦੀਪ ਭੋਲਾ ਇੰਚਾਰਜ ਡਰੱਗ ਡੀ ਅਡਿਕਸ਼ਨ ਆਦਿ ਹਾਜ਼ਰ ਸਨ।