ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਤੇ ਵਿੰਨ੍ਹਿਆ ਨਿਸ਼ਾਨਾ
ਬਠਿੰਡਾ,28 ਅਗਸਤ( ਵਿਸ਼ਵ ਵਾਰਤਾ)ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਵੱਲੋਂ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਉੱਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਏ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚਾਰ ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ ਪਰ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨਸ਼ੇ ਦਾ ਲੱਕ ਤਾਂ ਨਹੀਂ ਤੋੜ ਸਕੀ ਪਰ ਲੋਕਾਂ ਦਾ ਲੱਕ ਜ਼ਰੂਰ ਟੁੱਟ ਚੁੱਕਿਆ ਹੈ। ਉਹਨਾ ਨੇ ਕਿਹਾ ਕਿ ਬਠਿੰਡਾ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਪੰਜ ਨੌਜਵਾਨਾਂ ਦੀ ਮੌਤ ਨਸ਼ੇ ਕਾਰਣ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੋਈ ਵੀ ਕਰਵਾਈ ਨਹੀਂ ਕੀਤੀ ਜਾ ਰਹੀ। ਉਹਨਾ ਨੇ ਕਿਹਾ ਕਿ ਜਿੰਨਾ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਸਾਰਿਆਂ ਦੀ ਉਮਰ 20-30 ਸਾਲ ਦੇ ਵਿਚਕਾਰ ਸੀ। ਇਹਨਾ ਨੌਜਵਾਨਾਂ ਤੋਂ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਸਰਿੰਜ ਵੀ ਨਹੀਂ ਕੱਢੀ ਗਈ ਅਤੇ ਉਹਨਾ ਦੀ ਮੌਤ ਹੋ ਗਈ। ਉਹਨਾ ਨੇ ਕਿਹਾ ਕਿ ਜਿੰਨਾ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਈ ਹੈ ਸਰਕਾਰ ਅਤੇ ਪ੍ਰਸ਼ਾਸਨ ਦੱਸੇ ਕਿ ਇਹਨਾ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ। ਉਹਨਾ ਨੇ ਕਿਹਾ ਕਿ ਪ੍ਰਸ਼ਾਸਨ ਜੁਆਬ ਦੇਵੇ ਕਿ ਉਹ ਨਸ਼ਾ ਤਸਕਰਾਂ ਤੇ ਕਰਵਾਈ ਕਰਨ ਵਿੱਚ ਕਿਉਂ ਅਸਮਰੱਥ ਹੈ, ਕੀ ਪ੍ਰਸ਼ਾਸ਼ਨ ਉੱਤੇ ਕੋਈ ਰਾਜਨੀਤਿਕ ਦਬਾਅ ਹੈ, ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਕੌਣ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਨਸ਼ਾ ਤਸਕਰ ਖੁੱਲ੍ਹੇਆਮ ਨੌਜਵਾਨ ਵਰਗ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ। ਉਹਨਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਯਾਦ ਕਰਨੇ ਚਾਹੀਦੇ ਹਨ ਅਤੇ ਨਸ਼ਾ ਤਸਕਰਾਂ ਉਪੱਰ ਕਤਲ ਕੇਸ ਦਰਜ਼ ਕਰਕੇ ਕਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਓਹਨਾਂ ਦੇ ਨਾਲ ਬਲਕਾਰ ਸਿੰਘ ਭੋਖੜਾ ਮੀਡੀਆ ਇੰਚਾਰਜ, ਨਰਿੰਦਰ ਸਿੰਘ ਸਿੱਧੂ ਜਰਨਲ ਸਕੱਤਰ, ਕੁਲਵਿੰਦਰ ਸਿੰਘ ਐਕਸ ਵਾਈਸ ਯੂਥ ਪ੍ਰਧਾਨ ਯੂਥ ਵਿੰਗ, ਨਵਦੀਪ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ, ਬਲਜਿੰਦਰ ਬਰਾੜ, ਜਗਤਾਰ ਸਿੰਘ, ਯਾਦਵਿੰਦਰ ਸਿੰਘ ਜੋਇੰਤ ਸੈਕਟਰੀ ਕਿਸਾਨ ਵਿੰਗ, ਜੰਟਾ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਿਰ ਸਨ।