ਨਸ਼ਿਆਂ ‘ਚ ਲੱਗੇ ਨੌਜਵਾਨਾਂ ਨੇ ਡੈਪੋਜ ਦੀ ਪ੍ਰੇਰਣਾ ਨਾਲ ਸ਼ੁਰੂ ਕੀਤੀ ਨਵੀਂ ਜਿੰਦਗੀ
-ਨਸ਼ਿਆਂ ਵਿਰੁੱਧ ਜੰਗ ‘ਚ ਡੈਪੋਜ ਦੀ ਅਹਿਮ ਭੂਮਿਕਾ, ਪਟਿਆਲਾ ਜ਼ਿਲ੍ਹੇ ‘ਚ 27415 ਡੈਪੋਜ
-ਨੌਜਵਾਨਾਂ ਤੇ ਮਾਪਿਆਂ ਦੀ ਕਾਉਂਸਲਿੰਗ ਵੀ ਰੰਗ ਲਿਆਈ
ਪਟਿਆਲਾ, 25 ਜੂਨ:ਮਾਪਿਆਂ ਵੱਲੋਂ ਆਪਣੇ ਕੰਮਕਾਜੀ ਰੁਝੇਂਵਿਆਂ ਕਰਕੇ ਬੱਚਿਆਂ, ਖਾਸਕਰ ਕਿਸ਼ੋਰ ਉਮਰ ਤੋਂ ਜੁਆਨੀ ਵੱਲ ਵੱਧ ਰਹੇ ਵਿਦਿਆਰਥੀਆਂ, ਨੂੰ ਪੂਰਾ ਸਮਾਂ ਨਾ ਦੇ ਪਾਉਣਾ ਅਤੇ ਗ਼ਲਤ ਸੰਗਤ ਬਹੁਤੇ ਬੱਚਿਆਂ ਨੂੰ ਕੁਰਾਹੇ ਪਾਉਣ ਦਾ ਕਾਰਨ ਬਣੀ ਹੈ। ਇਹ ਤੱਥ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਚ ਸਵੈ ਇੱਛਾ ਨਾਲ ਸਹਿਯੋਗ ਕਰ ਰਹੇ ਡੈਪੋਜ (ਡਰੱਗ ਅਬਿਊਜ਼ ਪ੍ਰਿਵੈਂਸ਼ਨ ਅਫ਼ਸਰ) ਵੱਲੋਂ ਨਸ਼ਿਆਂ ‘ਚ ਲੱਗੇ ਨੌਜਵਾਨਾਂ ਦੀ ਕਾਉਂਸਲਿੰਗ ਕਰਨ ਦੌਰਾਨ ਸਾਹਮਣੇ ਆਇਆ ਹੈ। ਪਟਿਆਲਾ ਦੇ ਇਹ ਡੈਪੋਜ, (ਨਸ਼ਿਆਂ ਦੇ ਦੁਰਪ੍ਰਭਾਵ ਰੋਕੂ ਅਧਿਕਾਰੀ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਨਸ਼ਿਆਂ ਵਿਰੁੱਧ ਵਿੱਢੀ ਜੰਗ ‘ਚ ਲਗਾਤਾਰ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
ਬਡੀ ਪ੍ਰੋਗਰਾਮ ‘ਚ ਮਾਸਟਰ ਟ੍ਰੇਨਰ ਵਜੋਂ ਕੰਮ ਕਰ ਚੁੱਕੀ ਡੈਪੋ ਤਵਨਮੀਤ ਕੌਰ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਚਿੱਟੇ ਦਾ ਨਸ਼ਾ ਕਰਦਾ ਇੱਕ 24 ਸਾਲਾ ਗ੍ਰੈਜੂਏਟ ਨੌਜਵਾਨ ਉਨ੍ਹਾਂ ਦੇ ਸੰਪਰਕ ‘ਚ ਆਇਆ, ਜਿਹੜਾ ਕਿ ਆਪਣੇ ਮਾਪਿਆਂ ਦੇ ਰੁਝੇ ਹੋਣ ਕਰਕੇ ਆਪਣੇ ਆਪ ਨੂੰ ਅਣਦੇਖਿਆ ਸਮਝਕੇ ਗ਼ਲਤ ਰਾਹ ‘ਤੇ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਸਦੀ ਕਾਉਂਸਲਿੰਗ ਕੀਤੀ ਗਈ ਤਾਂ ਉਸਨੇ ਭੰਗੜੇ ‘ਚ ਆਪਣੀ ਰੁਚੀ ਦੱਸੀ ਤਾਂ ਕੁਝ ਬੱਚੇ ਉਸ ਕੋਲ ਭੰਗੜਾ ਸਿੱਖਣ ਲਈ ਭੇਜੇ ਗਏ ਅਤੇ ਨਾਲ ਹੀ ਉਸਦੇ ਮਾਪਿਆਂ ਨੂੰ ਉਸ ਨਾਲ ਸਮਾਂ ਬਿਤਾਉਣ ਲਈ ਆਖਿਆ ਗਿਆ। ਇਸ ਤਰ੍ਹਾਂ ਅੱਜ ਉਹ ਨੌਜਵਾਨ ਮਾਸਟਰਜ ਕਰ ਰਿਹਾ ਹੈ ਅਤੇ ਨਸ਼ਿਆਂ ਨੂੰ ਤੌਬਾ ਆਖ ਕੇ ਚੰਗੀ ਜਿੰਦਗੀ ਦੀ ਸ਼ੁਰੂਆਤ ਕਰ ਚੁੱਕਾ ਹੈ।
ਇੱਕ ਹੋਰ ਡੈਪੋ ਹਰਜਿੰਦਰ ਸਿੰਘ ਨੇ ਦੱਸਿਆ ਕਿ ਚਿੱਟੇ ਦਾ ਨਸ਼ਾ ਕਰਦੇ 17-18 ਸਾਲ ਦੇ ਇੱਕ ਨੌਜਵਾਨ ਨੂੰ ਉਸਦੇ ਮਾਪਿਆਂ ਨੇ ਹੀ ਆਪਣੀ ਕਾਉਂਸਲਿੰਗ ਦੌਰਾਨ ਉਸ ਕੋਲ ਭੇਜਿਆ, ਜੋ ਕਿ ਆਤਮ ਵਿਸ਼ਵਾਸ਼ ਗੁਆ ਚੁੱਕਾ ਸੀ। ਕਾਉਂਸਲਿੰਗ ਕਰਕੇ ਉਹ ਨੌਜਵਾਨ ਵੀ ਨਸ਼ੇ ਛੱਡਣ ਲਈ ਰਾਜੀ ਹੋ ਗਿਆ ਅਤੇ ਉਸਨੇ ਨਸ਼ਾ ਛੁਡਾਊ ਕੇਂਦਰ ਨਾਲ ਸੰਪਰਕ ਕਰਕੇ ਆਪਣੀ ਨਵੀਂ ਸ਼ੁਰੂਆਤ ਕਰ ਲਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਲਗਦਾ ਸੀ ਕਿ ਕੋਈ ਵੀ ਉਸਦੀ ਮਦਦ ਨਹੀਂ ਕਰਨੀ ਚਾਹੁੰਦਾ, ਜਿਸ ਲਈ ਉਹ ਨਸ਼ਿਆਂ ਦਾ ਸਹਾਰਾ ਭਾਲ ਰਿਹਾ ਸੀ।
ਇਸੇ ਤਰ੍ਹਾਂ ਇੱਕ ਡੈਪੋ ਤਨੂਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੂੰ ਪਟਿਆਲਾ ਦੇ ਇੱਕ ਇੰਜੀਨੀਅਰਿੰਗ ਇੰਸਟੀਚਿਊਟ ‘ਚ ਪੜ੍ਹਦਾ 26 ਸਾਲਾ ਨੌਜਵਾਨ ਮਿਲਿਆ ਜੋ ਕਿ ਆਇਓਡੈਕਸ, ਕੰਧਾਂ ‘ਤੇ ਲੱਗੀ ਪੁੱਟੀ ਆਦਿ ਦਾ ਹੀ ਨਸ਼ਾ ਕਰਨ ਲੱਗ ਗਿਆ ਸੀ। ਤਨੂ ਨੇ ਦੱਸਿਆ ਕਿ ਉਸਨੇ ਨੌਜਵਾਨ ਦੇ ਮਾਪਿਆਂ ਅਤੇ ਨੌਜਵਾਨ ਦੀ ਕਾਉਂਸਲਿੰਗ ਕਰਕੇ ਉਸ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਸ਼ੁਰੂ ਕਰਵਾਇਆ ਤੇ ਹੁਣ ਇਹ ਨੌਵਜਾਨ ਤੰਦਰੁਸਤ ਹੋ ਕੇ ਆਪਣਾ ਬਿਜਨੈਸ ਚਲਾ ਰਿਹਾ ਹੈ।
ਇਸੇ ਦੌਰਾਨ ਪਟਿਆਲਾ ਦੇ ਐਸ.ਪੀ. (ਸਥਾਨਕ) ਡਾ. ਸਿਮਰਤ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਵੀ ਹੁਣ ਤੱਕ 27415 ਡੈਪੋਜ ਨੂੰ ਰਜਿਸਟਰ ਕੀਤਾ ਗਿਆ ਹੈ, ਜਿਹੜੇ ਕਿ ਨਸ਼ਿਆਂ ਦੀ ਰੋਕਥਾਮ ‘ਚ ਅਹਿਮ ਹਿੱਸਾ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਡੈਪੋ ਬਣ ਸਕਦਾ ਹੈ ਅਤੇ ਇਹ ਡੈਪੋਜ ਆਪਣੇ ਗੁਆਂਢੀ ਇਲਾਕਿਆਂ ‘ਚ ਨਸ਼ਿਆਂ ਦੀ ਰੋਕਥਾਮ ਲਈ ਅਤੇ ਨਸ਼ਾ ਛੁਡਾਉ ਇਲਾਜ ਕੇਂਦਰਾਂ ਨਾਲ ਜੋੜਨ ਲਈ ਕਮਿਊਨਿਟੀ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਹਨ।
ਡਾ. ਸਿਮਰਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਨਫੋਰਸਮੈਂਟ-ਡੀਅਡਿਕਸ਼ਨ-ਪ੍ਰੀਵੈਂਸ਼ਨ (ਈਡੀਪੀ) ਪਹੁੰਚ ‘ਤੇ ਅਧਾਰਤ ‘ਡਰੱਗ ਦੀ ਵਰਤੋਂ ਖ਼ਿਲਾਫ਼ ਵਿਆਪਕ ਕਾਰਵਾਈ’ (ਸੀ.ਏ.ਡੀ.ਏ.) ਰਣਨੀਤੀ ਤਹਿਤ ਨਸ਼ਾਖੋਰੀ ਵਿਰੁੱਧ 360 ਡਿਗਰੀ ਪਹੁੰਚ ਸਦਕਾ ਨਸ਼ਾਖੋਰੀ ਦੀ ਰੋਕਥਾਮ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਇੱਕ ਵੀ ਡੈਪੋ ਆਪਣੇ ਆਲੇ-ਦੁਆਲੇ ‘ਚ ਗ਼ਲਤ ਰਾਹ ‘ਤੇ ਪਏ ਨੌਜਵਾਨ ਨੂੰ ਵਾਪਸ ਸਮਾਜ ਨਾਲ ਜੋੜਨ ‘ਚ ਸਫ਼ਲ ਹੋ ਜਾਂਦਾ ਹੈ ਤਾਂ ਸਾਡੇ ਸਮਾਜ ਲਈ ਇਹ ਵੱਡੀ ਪ੍ਰਾਪਤੀ ਹੁੰਦੀ ਹੈ।