ਨਵੇਂ ਸਾਲ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਮਿਲਿਆ ਨਵਾਂ ਦਫ਼ਤਰ
ਡੀ ਸੀ ਰੰਧਾਵਾ ਨੇ ਕੀਤਾ ਰਸਮੀ ਉਦਘਾਟਨ
ਨਵਾਂਸ਼ਹਿਰ, 2 ਜਨਵਰੀ(ਵਿਸ਼ਵ ਵਾਰਤਾ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜੋ ਕਿ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ, ਦੇ ਨਵੇਂ ਦਫ਼ਤਰ ਦਾ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਆਖਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜੁਵੇਨਾਇਲ ਜਸਟਿਸ ਐਕਟ, ਪੋਕਸੋ ਐਕਟ ਤਹਿਤ ਬਾਲ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਨ ਦੇ ਨਾਲ ਬਾਲ ਭਿਖਿਆ, ਬਾਲ ਵਿਆਹ ਅਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਿਲ੍ਹੇ ’ਚ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ‘ਸੇਫ਼ ਸਕੂਲ ਵਾਹਨ’ ਸਕੀਮ ਅਧੀਨ ਵੀ ਯੂਨਿਟ ਦੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਹੈ।
ਡੀ ਸੀ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਤੇ ਬਾਲ ਸੁਰੱਖਿਆ ਯੂਨਿਟ ਦੇ ਸਮੂਹ ਸਟਾਫ਼ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਤੀਸਰੀ ਮੰਜ਼ਿਲ ’ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਪਿਛਲੇ ਪਾਸੇ ਅਲਾਟ ਕੀਤੇ ਦਫ਼ਤਰ ਰਾਹੀਂ ਬਾਲ ਅਧਿਕਾਰਾਂ ਦੇ ਖੇਤਰ ’ਚ ਹੋਰ ਸਰਗਰਮੀ ਦੀ ਆਸ ਵੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ’ਚੋਂ ਹੀ ਕੰਮ ਚਲਾ ਰਿਹਾ ਸੀ, ਜਿਸ ਕਾਰਨ ਥਾਂ ਦੀ ਘਾਟ ਕਾਰਨ ਕਈ ਮੁਸ਼ਕਿਲਾਂ ਵੀ ਆਉਂਦੀਆਂ ਸਨ ਪਰ ਹੁਣ ਆਪਣਾ ਵੱਖਰਾ ਦਫ਼ਤਰ ਹੋਣ ਨਾਲ ਇਹ ਮੁਸ਼ਕਿਲਾਂ ਦੂਰ ਹੋ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਏ ਡੀ ਸੀ (ਜ) ਰਾਜੀਵ ਵਰਮਾ, ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ, ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ ਤੇ ਤਹਿਸੀਲਦਾਰ ਬੰਗਾ ਗੁਰਸਸੇਵਕ ਚੰਦ ਵੀ ਮੌਜੂਦ ਸਨ।