ਨਵਾਂਸ਼ਹਿਰ ਦੇ ਪੰਜ ਪਿੰਡਾਂ ਵਿਚ 13 ਨੂੰ ਲੱਗਣਗੇ ਸਿਹਤ ਬੀਮਾ ਕਾਰਡ ਬਣਾਉਣ ਦੇ ਵਿਸ਼ੇਸ਼ ਕੈਂਪ-ਐਸ. ਡੀ. ਐਮ
ਨਵਾਂਸ਼ਹਿਰ, 10 ਜੁਲਾਈ : ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਗਈ ਮੁਹਿੰਮ ਤਹਿਤ ਸਬ-ਡਵੀਜ਼ਨ ਨਵਾਂਸ਼ਹਿਰ ਦੇ ਪੰਜ ਪਿੰਡਾਂ ਵਿਚ 13 ਜੁਲਾਈ ਨੂੰ ਵਿਸ਼ੇਸ਼ ਕੈਂਪ ਲੱਗਣਗੇ। ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ 13 ਜੁਲਾਈ ਨੂੰ ਇਹ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅਮਰਗੜ, ਬਾਬਾ ਧਰਮਗੀਰ ਮੰਦਿਰ ਪਿੰਡ ਔੜ, ਸਹਿਕਾਰੀ ਸੁਸਾਇਟੀ ਪਿੰਡ ਭੌਰਾ, ਗੁਰਦੁਆਰਾ ਸਿੰਘ ਸਭਾ ਪਿੰਡ ਚੱਕ ਦਾਨਾਂ ਅਤੇ ਪੰਚਾਇਤ ਘਰ ਪਿੰਡ ਪੱਲੀਆਂ ਖੁਰਦ ਵਿਖੇ ਲਗਾਏ ਜਾਣਗੇ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਇਨਾਂ ਵਿਸ਼ੇਸ਼ ਕੈਂਪਾਂ ਵਿਚ ਆ ਕੇ ਆਪਣੇ ਈ-ਕਾਰਡ ਜ਼ਰੂਰ ਬਣਵਾਉਣ। ਉਨਾਂ ਕਿਹਾ ਕਿ ਇਸ ਕਾਰਡ ਨਾਲ ਲਾਭਪਾਤਰੀ ਪਰਿਵਾਰ ਨੂੰ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦੇ ਇਲਾਜ ਦੀ ਮੁਫ਼ਤ ਸੁਵਿਧਾ ਮਿਲਦੀ ਹੈ। ਉਨਾਂ ਦੱਸਿਆ ਕਿ ਨੀਲੇ ਕਾਰਡ ਧਾਰਕ, ਜੇ-ਫਾਰਮ ਹੋਲਡਰ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਪੀਲੇ ਕਾਰਡ ਧਾਰਕ ਪੱਤਰਕਾਰ ਇਹ ਕਾਰਡ ਬਣਵਾ ਸਕਦੇ ਹਨ।