ਇਤਿਹਾਸਕ ਕਿਸਾਨ ਅੰਦੋਲਨ
ਕਿਸਾਨਾਂ ਦੇ ਸਮਰਥਨ ਵਿੱਚ ਉੱਤਰੇ ਨਵਜੋਤ ਸਿੰਘ ਸਿੱਧੂ
ਕਿਸਾਨਾਂ ਦੇ ਸਮਰਥਨ ਲਈ ਆਪਣੇ ਜੱਦੀ ਘਰ ਲਹਿਰਾਇਆ ਕਾਲਾ ਝੰਡਾ
ਚੰਡੀਗੜ, 25 ਮਈ (ਵਿਸ਼ਵ ਵਾਰਤਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਦੀ ਹਿਮਾਇਤ ਵਿੱਚ , ਪੰਜਾਬ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪਟਿਆਲਾ ਕਸਬੇ ਵਿੱਚ ਆਪਣੇ ਜੱਦੀ ਘਰ ਵਿਖੇ ਕਾਲਾ ਝੰਡਾ ਲਹਿਰਾਇਆ।
ਹਰ ਪੰਜਾਬੀ ਨੂੰ ਕਿਸਾਨਾਂ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਨਾਲ ਆਪਣੇ ਟਵਿੱਟਰ ਹੈਂਡਲ ਉੱਤੇ ਪੋਸਟ ਸ਼ੇਅਰ ਕੀਤੀ ਤੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਭਾਰਤੀ ਕਿਸਾਨ ਵੱਧਦੇ ਕਰਜ਼ੇ ਅਤੇ ਆਮਦਨੀ ਘਟਣ ਕਾਰਨ ਚਿੰਤਤ ਹਨ।
“ਕਿਸਾਨਾਂ ਨਾਲ ਝੂਠ ਬੋਲਿਆ ਗਿਆ ਹੈ, ਅਤੇ ਹੁਣ ਇਹ ਨਵੇਂ ਕਾਲੇ ਕਾਨੂੰਨ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਏ ਹਨ।“ਮੈਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦਾ ਹਾਂ ਅਤੇ ਆਪਣੇ ਪਿਤਾ ਅਤੇ ਭਰਾਵਾਂ ਨਾਲ ਏਕਤਾ ਵਿਚ ਖੜ੍ਹਾ ਹਾਂ।”
40 ਤੋਂ ਵੱਧ ਕਿਸਾਨ ਯੂਨੀਅਨਾਂ ਦੀ ਇੱਕ ਸਾਂਝੀ ਸੰਸਥਾ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ 26 ਮਈ ਨੂੰ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਇਸ ਦਿਨ ਨੂੰ ‘ਕਾਲੇ ਦਿਨ’ ਵਜੋਂ ਮਨਾਏਗੀ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਮਈ ਨੂੰ ਆਪਣੇ ਘਰਾਂ, ਵਾਹਨਾਂ ਅਤੇ ਦੁਕਾਨਾਂ ’ਤੇ ਕਾਲੇ ਝੰਡੇ ਲਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ।