ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ
ਨਵਜੋਤ ਸਿੱਧੂ ਦੀ ਵੱਡੀ ਭੈਣ ਨੇ ਸਿੱਧੂ ‘ਤੇ ਲਗਾਏ ਗੰਭੀਰ ਇਲਜ਼ਾਮ
ਚੰਡੀਗੜ੍ਹ,28 ਜਨਵਰੀ(ਵਿਸ਼ਵ ਵਾਰਾਤਾ)- ਪੰਜਾਬ ਦੀ ਸਿਆਸਤ ਵਿਚ ਅੱਜ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਸਿੱਧੂ ‘ਤੇ ਜਿਆਦਤੀ ਕਰਨ ਦੇ ਇਲਜ਼ਾਮ ਲਗਾਏ। ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ 1987 ਵਿੱਚ ਇਕ ਅਖਬਾਰ ਨੂੰ ਇੰਟਰਵਿਉ ਦੌਰਾਨ ਝੂਠਾ ਬਿਆਨ ਦਿੱਤਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਉਸ ਸਮੇਂ ਵੱਖ ਹੋ ਗਏ ਸਨ ਜਦੋਂ ਸਿੱਧੂ ਮਹਿਜ਼ 2 ਸਾਲਾਂ ਦੇ ਸਨ। ਸੁਮਨ ਤੂਰ ਨੇ ਨਵਜੋਤ ਸਿੱਧੂ ਤੇ ਉਹਨਾਂ ਦੇ ਪਿਤਾ ਦੇ ਘਰ ਅਤੇ ਹੋਰ ਜਾਇਦਾਦ ‘ਤੇ ਕਬਜਾ ਕਰਨ ਦੇ ਇਲਜ਼ਾਮ ਵੀ ਲਗਾਏ। ਸਿੱਧੂ ਦੀ ਭੈਣ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ ਦੀ ਖਾਤਿਰ ਸਾਡੇ ਨਾਲ ਕੋਈ ਰਾਬਤਾ ਨਹੀਂ ਰੱਖਿਆ। ਉਹਨਾਂ ਕਿਹਾ ਕਿ ਉਹਨਾਂ ਦੀ ਮਾਂ ਦੀ ਮੌਤ ਦਿੱਲੀ ਵਿੱਚ ਲਾਵਾਰਿਸ ਹਾਲਤ ਵਿੱਚ ਹੋ ਗਈ ਸੀ।
ਦੱਸ ਦਈਏ ਕਿ ਸੁਮਨ ਤੂਰ 1990 ਤੋਂ ਅਮਰੀਕਾ ਵਿੱਚ ਰਹਿੰਦੇ ਹਨ। ਉਹਨਾਂ ਕਿਹਾ ਕਿ ਉਹ ਸਿਰਫ ਸਿੱਧੂ ਨੂੰ ਮਿਲ ਕੇ ਉਹਨਾਂ ਵੱਲੋਂ ਦਿੱਤੇ ਜਾਂਦੇ ਝੂਠੇ ਬਿਆਨਾਂ ਦਾ ਜਵਾਬ ਮੰਗਣਾ ਚਾਹੁੰਦੇ ਸਨ,ਪਰ 20 ਜਨਵਰੀ ਨੂੰ ਉਹਨਾਂ ਨੂੰ ਸਿੱਧੂ ਨੇ ਘਰ ਹੀ ਨਹੀਂ ਵੜਨ ਦਿੱਤਾ।