ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ
ਪੜ੍ਹੋ ਹੁਣ ਰਿਹਾਈ ‘ਚ ਆਇਆ ਕਿਹੜਾ ਅੜਿੱਕਾ, ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਵੀ ਸਸਪੈਂਸ
ਚੰਡੀਗੜ੍ਹ 23 ਜਨਵਰੀ(ਵਿਸ਼ਵ ਵਾਰਤਾ)- ਰੋਡ ਰੇਜ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਧਾਨ ਨਵਜੋਤ ਸਿੱਧੂ ਦੀ ਗਣਤੰਤਰ ਦਿਵਸ ਦੇ ਮੌਕੇ ’ਤੇ ਰਿਹਾਈ ਨੂੰ ਲੈ ਕੇ ਸਸ਼ਪੰਜ ਬਰਕਰਾਰ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਰਿਆਹ ਹੋਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੇਲ੍ਹ ਵਿਭਾਗ ਨੇ ਇਸ ਸਾਲ ਗਣਤੰਤਰ ਦਿਵਸ ਦੇ ਮੌਕੇ 52 ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਸੀ। ਨਿਯਮਾਂ ਮੁਤਾਬਕ ਇਸ ਤਜਵੀਜ਼ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣੀ ਹੁੰਦੀ ਹੈ, ਜਿਸ ਮਗਰੋਂ ਰਾਜਪਾਲ ਵੱਲੋਂ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਪਰ ਇਸ ਸੂਚੀ ਨੂੰ ਅਜੇ ਤੱਕ ਮੰਤਰੀ ਮੰਡਲ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ 1 ਫਰਵਰੀ ਨੂੰ ਆਪਣੀ ਮੰਤਰੀ ਮੰਡਲ ਦੀ ਬੈਠਕ ਬੁਲਾਈ ਸੀ। ਪਰ ਹੁਣ ਇਹ ਬੈਠਕ 2 ਦੋ ਦਿਨ ਹੋ ਅੱਗੇ ਪਾ ਦਿੱਤੀ ਗਈ ਹੈ। ਜੋ ਕਿ ਹੁਣ 3 ਫਰਵਰੀ ਨੂੰ ਹੋਵੇਗੀ।
ਕੈਬਨਿਟ ਦੀ ਮੰਨਜ਼ੂਰੀ ਨਾ ਮਿਲਣ ਕਾਰਨ ਨਵਜੋਤ ਸਿੱਧੂ ਦੀ ਰਿਹਾਈ ਹੋਣ ਵਿਚ ਹੁਣ ਮੁਸ਼ਕਲ ਆ ਸਕਦੀ ਹੈ ਕਿਉਂਕਿ ਜਦੋਂ ਤਕ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਵੇਗੀ ਤੇ ਜੇਲ੍ਹ ਵਿਭਾਗ ਵੱਲੋਂ ਤਿਆਰ ਕੀਤੀ ਤਜਵੀਜ਼ ਪਾਸ ਨਹੀਂ ਹੋਵੇਗੀ ਉਦੋਂ ਤਕ ਰਿਹਾਈ ਵਿਚ ਸਸਪੈਂਸ ਕਾਇਮ ਰਹੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸਿੱਧੂ ਨੂੰ ਕਾਂਗਰਸ ਵੱਲੋਂ 30 ਜਨਵਰੀ ਨੂੰ ਜੰਮੂ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਪਰ, ਜਦੋਂ ਤੱਕ ਰਿਹਾਈ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੋ ਜਾਂਦੀ ਉਦੋਂ ਤੱਕ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਵੀ ਕੁੱਛ ਸਾਫ-ਸਾਫ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਇਸ ਸਮੇਂ ਆਪਣੇ 2 ਦਿਨਾਂ ਦੇ ਮੁੰਬਈ ਦੌਰੇ ਤੇ ਹਨ।