ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਚੁੱਕਿਆ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਮੁੱਦਾ
ਬਿਕਰਮਜੀਤ ਮਜੀਠੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਕਹੀ ਗੱਲ
ਪੜ੍ਹੋ,ਕਦੋਂ ਖੁਲ੍ਹਣੀ ਹੈ ਡਰੱਗ ਰੈਕੇਟ ਨਾਲ ਜੁੜੀ ਸਪੈਸ਼ਲ ਟਾਸਕ ਫੋਰਸ ਦੀ ਹਾਈਕੋਰਟ ਵਿੱਚ ਰਿਪੋਰਟ
ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ)ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਤੋਂ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਜਿਕਰ ਛੇੜਦਿਆਂ ਕਿਹਾ ਹੈ ਕਿ ਮਾਣਯੋਗ ਹਾਈਕੋਰਟ ਵਿੱਚ ਡਰੱਗ ਰੈਕੇਟਾਂ ਨਾਲ ਜੁੜੀ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ 2 ਸਤੰਬਰ ਨੂੰ ਖੋਲ੍ਹੇ ਜਾਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਇਸ ਦੀ ਨਸ਼ਿਆਂ ਨਾਲ ਮਰੇ ਨੌਜੁਆਨਾਂ ਦੇ ਪਰਿਵਾਰਾਂ ਦੇ ਨਾਲ ਨਾਲ ਪੂਰੇ ਪੰਜਾਬ ਨੂੰ ਉਡੀਕ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਇਸ ਰੈਕੇਟ ਨਾਲ ਜੁੜੇ ਹੋਏ ਸਮਗਲਰਾਂ ਨੂੰ ਪਨਾਹ ਦੇਣ ਵਿੱਚ ਉਕਤ ਮੰਤਰੀ ਦਾ ਵੀ ਹੱਥ ਹੈ ਅਤੇ ਉਸਦੀ ਸ਼ੈਅ ਵਿੱਚ ਹੀ ਇਹਨਾਂ ਡੀਲਰਾਂ ਨੂੰ ਵੀਆਈਪੀ ਗੱਡੀਆਂ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੀ ਸੁਰੱਖਿਆ ਮਿਲੀ ਹੋਈ ਸੀ। ਇਸ ਤੋਂ ਇਲਾਵਾ ਸਿੱਧੂ ਨੇ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਰੈਕੇਟ ਨਾਲ ਜੁੜੇ 13 ਡੀਲਰਾਂ ਨੂੰ ਦੇਸ਼ ਵਾਪਸ ਲਿਆਉਣ ਵਿੱਚ ਨਾਕਾਮਯਾਬ ਰਹੀ ਹੈ। ਉਹਨਾਂ ਨੇ ਕਿਹਾ ਕੀ ਮੈਨੂੰ ਭਰੋਸਾ ਹੈ ਕਿ ਮਾਣਯੋਗ ਅਦਾਲਤ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦੇਵੇਗੀ।