ਨਵਜੋਤ ਸਿੰਘ ਮਾਹਲ ਨੇ ਸੰਭਾਲਿਆ ਐਸਐਸਪੀ ਮੋਹਾਲੀ ਵਜੋਂ ਕਾਰਜਭਾਰ
ਮੋਹਾਲੀ, 4 ਅਕਤੂਬਰ(ਵਿਸ਼ਵ ਵਾਰਤਾ)- ਸੀਨੀਅਰ ਪੁਲਿਸ ਕਪਤਾਨ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਮੋਹਾਲੀ ਨੂੰ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲ ਲਿਆ ਹੈ।
ਪੰਜਾਬ ਪੁਲਿਸ ਸੇਵਾ ਅਧਿਕਾਰੀ ਨਵਜੋਤ ਸਿੰਘ ਮਾਹਲ ਪਹਿਲਾਂ 7ਵੀਂ ਬਟਾਲੀਅਨ, ਪੰਜਾਬ ਆਰਮਡ ਪੁਲਿਸ, ਜਲੰਧਰ ਦੇ ਕਮਾਂਡੈਂਟ ਵਜੋਂ ਤਾਇਨਾਤ ਸਨ ਅਤੇ ਏਆਈਜੀ, ਸਪੈਸ਼ਲ ਟਾਸਕ ਫੋਰਸ, ਜਲੰਧਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਉਹ ਹੁਸ਼ਿਆਰਪੁਰ, ਜਲੰਧਰ ਦਿਹਾਤੀ ਅਤੇ ਖੰਨਾ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਸਤਿੰਦਰ ਸਿੰਘ ਦੀ ਥਾਂ ਇਹ ਅਹੁਦਾ ਸੰਭਾਲਿਆ, ਜਿਨ੍ਹਾਂ ਨੂੰ ਐਸਐਸਪੀ ਜਲੰਧਰ ਲਗਾਇਆ ਗਿਆ ਹੈ।ਮਾਹਲ ਨੇ ਅਪਰਾਧ ਰੋਕਥਾਮ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਪਹਿਲੀ ਤਰਜੀਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਪਵੇਗੀ ਅਤੇ ਜਨਤਾ ਲਈ ਨਿਆਂ ਸਭ ਤੋਂ ਮੁੱਖ ਕੰਮ ਹੋਵੇਗਾ।