ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਾਜਵੰਤ ਸਿੰਘ)-ਜ਼ਿਲ੍ਹਾ ਪੁਲਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ ਨਜਾਇਜ਼ ਸ਼ਰਾਬ, ਲਾਹਣ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇੰਨ੍ਹਾਂ ਮਾਮਲਿਆਂ ਵਿੱਚ ਤਿੰਨ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ, ਜਦੋਂਕਿ ਇੱਕ ਫਰਾਰ ਦੱਸਿਆ ਜਾ ਰਿਹਾ ਹੈ। ਪਹਿਲਾ ਮਾਮਲਾ ਥਾਣਾ ਸਿਟੀ ਨਾਲ ਸਬੰਧਿਤ ਹੈ। ਥਾਣੇ ਦੀ ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਸਥਾਨਕ ਗੋਨਿਆਣਾ ਰੋਡ ’ਤੇ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸੇ ਦੌਰਾਨ ਦੋ ਵਿਅਕਤੀ ਆਏ ਜਿੰੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 14 ਪੱਤੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ, ਜਿੰਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਸਮੱਗਲਰਾਂ ਦੀ ਪਛਾਣ ਹਰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 24 ਅਤੇ ਹਰਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਲੀ ਨੰਬਰ 21 ਗੋਨਿਆਣਾ ਰੋਡ ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਾਕਸ
ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ
ਥਾਣਾ ਸਦਰ ਦੀਆਂ ਪੁਲਸ ਟੀਮਾਂ ਨੇ ਵੱਡੀ ਮਾਤਰਾ ਵਿੱਚ ਲਾਹਣ ਤੇ ਨਜਾਇਜ਼ ਸ਼ਰਾਬ ਸਮੇਤ ਇੱਕ ਸਮੱਗਲਰ ਨੂੰ ਕਾਬੂ ਕੀਤਾ ਹੈ, ਜਦੋਂਕਿ ਇੱਕ ਫਰਾਰ ਹੋ ਗਿਆ ਹੈ। ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਰਕੰਦੀ ਟਿੱਬੀ ਦੇ ਰਹਿਣ ਵਾਲਾ ਲਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰ ਰੇਡ ਦੌਰਾਨ 50 ਲੀਟਰ ਲਾਹਣ ਮਿਲੀ ਹੈ, ਜਦੋਂਕਿ ਕਥਿਤ ਦੋਸ਼ੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਦੂਜੇ ਮਾਮਲੇ ਵਿੱਚ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਪੁਲਸ ਨੇ ਪਿੰਡ ਮੌੜ ਦੇ ਰਹਿਣ ਵਾਲੇ ਬਲਵੀਰ ਸਿੰਘ ਪੁੱਤਰ ਦਰਬਾਰ ਸਿੰਘ ਨੂੰ ਘਰ ਵਿੱਚ ਪਈਆਂ ਨਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਸਮੇਤ ਕਾਬੂ ਕੀਤਾ ਹੈ। ਉਕਤ ਦੋਵੇਂ ਮਾਮਲਿਆਂ ਵਿੱਚ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।