ਨਜਾਇਜ਼ ਕਲੋਨੀਆਂ ’ਤੇ ਸਰਕਾਰ ਨੇ ਕਸਿਆ ਸ਼ਿਕੰਜਾ
ਏ ਡੀ ਸੀ (ਯੂ ਡੀ) ਦੀ ਹਾਜ਼ਰੀ ਵਿੱਚ ਨਵਾਂਸ਼ਹਿਰ ’ਚ ਬੰਗਾ-ਚੰਡੀਗੜ੍ਹ ਰੋਡ ’ਤੇ ਢਾਹੀਆਂ ਨਜਾਇਜ਼ ਕਲੋਨੀਆਂ ਦੀਆਂ ਗੈਰ-ਕਾਨੂੰਨੀ ਉਸਾਰੀਆਂ
ਨਵਾਂਸ਼ਹਿਰ, 5 ਅਪ੍ਰੈਲ(ਵਿਸ਼ਵ ਵਾਰਤਾ)-:ਜ਼ਿਲ੍ਹੇ ’ਚ ਬਣੀਆਂ ਨਜਾਇਜ਼ ਕਲੋਨੀਆਂ ’ਤੇ ਸ਼ਿਕੰਜਾ ਕਸਦਿਆਂ ਅੱਜ ਨਵਾਂਸ਼ਹਿਰ ਅਤੇ ਬੰਗਾ ਵਿੱਚ ਇੱਕ-ਇੱਕ ਨਜਾਇਜ਼ ਕਲੋਨੀ ਵਿੱਚ ਹੋਈਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਨਵਾਂਸ਼ਹਿਰ ਵਿੱਚ ਬਰਨਾਲਾ ਰੋਡ ’ਤੇ ਸਨ ਸਿਟੀ ਨੇੜੇ ਛੇ ਏਕੜ ’ਚ ਕੱਟੀ ਕਲੋਨੀ ਅਤੇ ਬੰਗਾ-ਚੰਡੀਗੜ੍ਹ ਰੋਡ ’ਤੇ ਸਾਢੇ ਚਾਰ ਏਕੜ ’ਚ ਕੱਟੀ ਕਲੋਨੀ ’ਚ ਹੋਈਆਂ ਨਜਾਇਜ਼ ਉਸਾਰੀਆਂ ਨੂੰ ਗਲਾਡਾ ਵੱਲੋਂ ਢਾਹ ਦਿੱਤਾ ਗਿਆ।
ਇਸ ਮੌਕੇ ਗਲਾਡਾ ਵੱਲੋਂ ਮੌਜੂਦ ਅਧਿਕਾਰੀਆਂ ’ਚ ਐਸ ਡੀ ਓ ਅਭਿਮੰਨਿਊ ਅਤੇ ਜੇ ਈ ਅਮਰਜੀਤ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕਲੋਨੀਆਂ ਗਲਾਡਾ ਪਾਸੋਂ ਮਨਜੂਰਸ਼ੁਦਾ ਨਹੀਂ ਸਨ, ਜਿਸ ਕਰਕੇ ਬਾਕਾਇਦਾ ਇਨ੍ਹਾਂ ਨਜਾਇਜ਼ ਕਲੋਨੀਆਂ ਸਬੰਧੀ ਨੋਟਿਸ ਜਾਰੀ ਕੀਤੇ ਗਏ ਅਤੇ ਉਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਮੇਜਰ ਸਰੀਨ ਨੇ ਦੱਸਿਆ ਕਿ ਅੱਜ ਦੀ ਇਹ ਕਾਰਵਾਈ ਪਾਪਰਾ ਐਕਟ ਦੇ ਸੈਕਸ਼ਨ 36 ਤਹਿਤ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਗਲਾਡਾ ਵੱਲੋਂ ਅਜਿਹੀਆਂ ਹੋਰ ਵੀ ਨਜਾਇਜ਼ ਕਲੋਨੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਉਨ੍ਹਾਂ ’ਤੇ ਵੀ ਪੂਰੀ ਕਾਨੂੰਨੀ ਪ੍ਰਕਿਰਿਆ ਅਪਨਾਉਣ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਜਾਇਜ਼ ਕਲੋਨੀਆਂ ਨਾਲ ਜਿੱਥੇ ਸਰਕਾਰ ਦੇ ਮਾਲੀਏ ਨੂੰ ਵੱਡਾ ਨੁਕਸਾਨ ਪੁੱਜ ਰਿਹਾ ਹੈ ਉੱਥੇ ਗੈਰ-ਮਨਜੂਰਸ਼ੁਦਾ ਹੋਣ ਕਾਰਨ ਬਾਅਦ ਵਿੱਚ ਇੱਥੇ ਪਲਾਟ ਲੈਣ ਵਾਲੇ ਭੋਲੇ-ਭਾਲੇ ਲੋਕਾਂ ਨੂੰ ਵੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।