ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ
ਜਾਣੋ, ਗ੍ਰਿਫਤਾਰ ਕਰਨ ਦੀ ਵਜ਼੍ਹਾ
ਚੰਡੀਗੜ੍ਹ, 7ਜੁਲਾਈ(ਵਿਸ਼ਵ ਵਾਰਤਾ)ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਦਿਨੇਸ਼ ਬੱਸੀ ਖਿਲਾਫ ਟਰੱਸਟ ‘ਚ ਆਪਣੇ ਕਾਰਜਕਾਲ ਦੌਰਾਨ ਘਪਲੇ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੀ ਡੀ ਬਲਾਕ ਵਿੱਚ ਇੱਕ ਕੋਠੀ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ 17 ਹੋਰ ਫਾਈਲਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਗ੍ਰਿਫ਼ਤਾਰੀ ਐਫਆਈਆਰ ਦਰਜ ਕਰਨ ਤੋਂ ਬਾਅਦ ਰਣਜੀਤ ਐਵੇਨਿਊ ਪਲਾਂਟ ਨੰਬਰ 204-ਡੀ ਵਿੱਚ ਨਿੱਜੀ ਹਿੱਤਾਂ ਕਾਰਨ ਧੋਖਾਧੜੀ ਕਰਨ ਦੇ ਦੋਸ਼ ਹੇਠ ਕੀਤੀ ਗਈ ਹੈ, ਜਿਸ ਵਿੱਚ ਬੱਸੀ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਰਾਘਵ ਸ਼ਰਮਾ ਅਤੇ ਵਕੀਲ ਵਿਕਾਸ ਖੰਨਾ ਨੂੰ ਵੀ ਨਾਮਜਦ ਕੀਤਾ ਗਿਆ ਹੈ।
ਦੱਸ ਦੱਈਏ ਕਿ ਸੋਹਣ ਸਿੰਘ ਪੁੱਤਰ ਜੱਸਾ ਸਿੰਘ ਨੇ ਆਪਣੇ ਵਕੀਲ ਕੁਲਵੰਤ ਰਾਏ ਰਾਹੀਂ ਦਾਅਵਾ ਕੀਤਾ ਸੀ ਕਿ ਉਸ ਨੂੰ ਸਾਲ 1988 ਵਿੱਚ ਪਲਾਟ ਨੰਬਰ 204-ਡੀ, ਰਣਜੀਤ ਐਵੀਨਿਊ ਵਿੱਚ ਕਥਿਤ ਤੌਰ ’ਤੇ 4000 ਰੁਪਏ 07 ਜਨਵਰੀ 1988 ਨੂੰ ਅਲਾਟ ਕੀਤੇ ਗਏ ਸਨ। ਉਨ੍ਹਾਂ ਵੱਲੋਂ ਟਰੱਸਟ ਦੀ ਬਣਦੀ ਰਕਮ ਜਮ੍ਹਾ ਕਰਵਾ ਦਿੱਤੀ ਗਈ , ਪਰ ਇਸ ਸਬੰਧੀ ਕੋਈ ਅਲਾਟਮੈਂਟ ਜਾਰੀ ਨਹੀਂ ਕੀਤੀ ਗਈ। ਨਗਰ ਸੁਧਾਰ ਟਰੱਸਟ ਨੇ 11-05-2011 ਨੂੰ ਸਿਵਲ ਮੁਕੱਦਮਾ ਦਾਇਰ ਕੀਤਾ ਸੀ। ਸੋਣਨ ਸਿੰਘ ਵੱਲੋਂ ਇਹ ਮੁਕੱਦਮਾ 23 ਸਾਲਾਂ ਦੇ ਵਕਫੇ ਮਗਰੋਂ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ਨੇ 30-07-2012 ਨੂੰ ਖਾਰਜ ਕਰ ਦਿੱਤਾ ਸੀ। ਪਹਿਲੀ ਅਪੀਲ 19-03-2013 ਨੂੰ ਖਾਰਜ ਕਰ ਦਿੱਤੀ ਗਈ ਸੀ, ਜਦਕਿ ਦੂਜੀ ਅਪੀਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 13-02-2020 ਨੂੰ ਖਾਰਜ ਕਰ ਦਿੱਤੀ ਸੀ।
ਬੱਸੀ, ਉਸ ਦੇ ਨਜ਼ਦੀਕੀ ਰਾਘਵ ਸ਼ਰਮਾ ਅਤੇ ਵਿਕਾਸ ਖੰਨਾ ਨੇ ਮਿਲੀਭੁਗਤ ਨਾਲ ਇਹ ਪਲਾਂਟ ਸੁਰਜੀਤ ਕੌਰ ਪੁੱਤਰੀ ਸੋਹਣ ਸਿੰਘ ਨੂੰ ਅਲਾਟ ਕੀਤਾ ਅਤੇ ਧੋਖੇ ਨਾਲ ਉਸ ਨੂੰ 25-06-2021 ਨੂੰ ਆਪਣੇ ਵਕੀਲ ਵਿਕਾਸ ਖੰਨਾ ਰਾਹੀਂ 1410 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਦਿੱਤਾ, ਜਦੋਂ ਕਿ ਉਸ ਦੀ ਮਾਰਕੀਟ ਕੀਮਤ ਸੀ. 70,000 ਰੁਪਏ ਪ੍ਰਤੀ ਵਰਗ ਗਜ਼ ਸੀ। ਐਫਆਈਆਰ ਨਗਰ ਸੁਧਾਰ ਟਰੱਸਟ ਦੇ ਵਕੀਲ ਗੌਤਮ ਮਜੀਠੀਆ ਵੱਲੋਂ ਆਰਟੀਆਈ ਪਾਉਣ ਤੋਂ ਬਾਅਦ ਉਸਦੀ ਜਾਣਕਾਰੀ ਡੀਸੀ ਹਰਪ੍ਰੀਤ ਸਿੰਘ ਸੂਦਨ ਨਾਲ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਡੀ ਸੀ ਵੱਲੋਂ ਇਸ ਸ਼ਿਕਾਇਤ ਨੂੰ ਸਹੀ ਪਾਉਂਦੇ ਹੋਏ ਐਫ ਆਈ ਆਰ ਦਰਜ ਕਰਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਸ਼ਾਮ ਦੇ ਕਰੀਬ ਸਾਢੇ ਸੱਤ ਵਜੇ ਦਿਨੇਸ਼ ਬੱਸੀ ਨੂੰ ਉਨ੍ਹਾਂ ਦੇ ਹੋਲੀ ਸਿਟੀ ਸਥਿਤ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ