ਨਗਰ ਨਿਗਮ ਬਠਿੰਡਾ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ 43 ਕਾਂਗਰਸ ਅਤੇ 7 ਅਕਾਲੀ ਉਮੀਦਵਾਰ ਜਿੱਤੇ
–ਕਾਂਗਰਸ ਦੇ ਦਿੱਗਜ ਨੇਤਾ ਦੀ ਪਤਨੀ ਨੂੰ ਆਮ ਪਰਿਵਾਰ ਦੇ ਨੌਜਵਾਨ ਲੜਕੇ ਨੇ ਦਿੱਤੀ ਮਾਤ ਬੂਥਾਂ ਤੇ ਕਬਜ਼ੇ ਕਰਨ ਵਾਲੇ ਵਾਰਡ ਵਿਚ ਵੀ ਕਾਂਗਰਸ ਦਾ ਉਮੀਦਵਾਰ ਹਾਰਿਆ
53 ਸਾਲ ਬਾਅਦ ਨਗਰ ਨਿਗਮ ਬਠਿੰਡਾ ਵਿੱਚ ਬਣਿਆ ਕਾਂਗਰਸ ਦਾ ਮੇਅਰ : ਮਨਪ੍ਰੀਤ ਬਾਦਲ
–ਅਕਾਲੀ ਦਲ ਅਤੇ ਆਪ ਦਾ ਵਜੂਦ ਪੰਜਾਬ ਵਿਚ ਹੋਇਆ ਖਤਮ
ਬਠਿੰਡਾ, 17 ਫਰਵਰੀ( ਕੁਲਬੀਰ ਬੀਰਾ ): ਨਗਰ ਨਿਗਮ ਚੋਣਾਂ ਵਿਚ ਕਾਂਗਰਸ ਨੂੰ ਪੂਰੇ ਪੰਜਾਬ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ਅਤੇ ਨਗਰ ਨਿਗਮ ਬਠਿੰਡਾ ਵਿੱਚ ਵੀ ਕਾਂਗਰਸ ਨੇ 43 ਸੀਟਾਂ ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਜਦੋਂਕਿ 7 ਸੀਟਾਂ ਤੇ ਅਕਾਲੀ ਉਮੀਦਵਾਰ ਜਿੱਤੇ ਹਨ ।ਇਨ੍ਹਾਂ ਚੋਣਾਂ ਵਿੱਚ ਆਪ ਅਤੇ ਭਾਜਪਾ ਦਾ ਕੋਈ ਖਾਤਾ ਨਹੀਂ ਖੁੱਲ੍ਹਿਆ । ਕਈ ਸੀਟਾਂ ਤੇ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਵਾਰਡ ਨੰਬਰ 1 ਵਿੱਚ ਕਾਂਗਰਸ ਦੇ ਦਿੱਗਜ ਨੇਤਾ ਟਹਿਲ ਸਿੰਘ ਸੰਧੂ ਦੀ ਪਤਨੀ ਨੂੰ ਆਮ ਪਰਿਵਾਰ ਦੇ ਨੌਜਵਾਨ ਲੜਕੇ ਰਾਣਾ ਦੀ ਪਤਨੀ ਨੇ ਮਾਤ ਦਿੱਤੀ ਹੈ, ਜਦੋਂ ਕਿ ਬੂਥਾਂ ਤੇ ਕਬਜ਼ੇ ਕਰਨ ਦਾ ਰੌਲਾ ਪੈਣ ਵਾਲੇ ਵਾਰਡ ਨੰਬਰ 8 ਵਿਚ ਵੀ ਕਾਂਗਰਸ ਦੇ ਉਮੀਦਵਾਰ ਰਾਮ ਵਿਰਕ ਨੂੰ ਅਕਾਲੀ ਉਮੀਦਵਾਰ ਵਕੀਲ ਹਰਪਾਲ ਸਿੰਘ ਢਿੱਲੋਂ ਸਾਬਕਾ ਕੌਂਸਲਰ ਭਾਰਤ ਨੇ ਮਾਤ ਦੇ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ।ਵੱਡੀ ਜਿੱਤ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਅਤੇ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਹਾਰੇ ਹੋਏ ਉਮੀਦਵਾਰਾਂ ਦੇ ਹੌਸਲਾ ਅਫ਼ਜ਼ਾਈ ਕੀਤੀ ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕ ਕਾਂਗਰਸ ਪਾਰਟੀ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ ਅਤੇ ਹਰ ਵਰਗ ਸੰਤੁਸ਼ਟ ਹੈ ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਨੇਪਰੇ ਚਾਡ਼੍ਹੇ ਜਾਣਗੇ ਜਿਸ ਵਿਚ ਮੁੱਖ ਤੌਰ ਤੇ ਬਠਿੰਡਾ ਵਿਖੇ ਵਧੀਆ ਬੱਸ ਸਟੈਂਡ ਅਤੇ ਟ੍ਰੈਫਿਕ ਸਿਸਟਮ ਦੇ ਸੁਧਾਰ ਦੇ ਨਾਲ ਪਾਰਕਿੰਗ ਦੇ ਵਧੀਆ ਪ੍ਰਬੰਧ ਕਰਨਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਵਜੂਦ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਤੇ ਭਾਜਪਾ ਨੂੰ ਖੇਤੀ ਬਿੱਲਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਜਿੱਤ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੌਂਸਲੇ ਨੂੰ ਹੋਰ ਮਜ਼ਬੂਤ ਕਰੇਗੀ ਨਗਰ ਨਿਗਮ ਬਠਿੰਡਾ ਵਿੱਚ ਮੇਅਰ ਕੌਣ ਹੋਵੇਗਾ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੋਣ ਵਾਲੇ ਨੋਟੀਫਿਕੇਸ਼ਨ ਰਾਹੀਂ ਦੇਖਣਾ ਹੋਵੇਗਾ ਕਿ ਪੁਰਸ਼ ਜਨਰਲ ਪਵੇਗਾ ਜਾਂ ਪੰਜਾਹ ਫ਼ੀਸਦੀ ਔਰਤਾਂ ਦੇ ਰਾਖਵੇਂਕਰਨ ਵਾਲੀ ਸਥਿਤੀ ਵਿੱਚ ਔਰਤਾਂ ਲਈ ਰਾਖਵਾਂ ਹੋਵੇਗਾ ਇਹ ਸਥਿਤੀ ਆਉਂਦੇ ਇੱਕ ਹਫ਼ਤੇ ਵਿੱਚ ਕਲੀਅਰ ਹੋਵੇਗੀ