ਨਗਰ ਕੌਂਸਲ ਮਾਨਸਾ ਨੇ ਸ਼ਹਿਰ ਵਿਚੋਂ ਫੜੇ 70 ਲਾਵਾਰਿਸ ਪਸ਼ੂ ਗਊਸ਼ਾਲਾ ਭੇਜੇ
ਮਾਨਸਾ, 11 ਅਪ੍ਰੈਲ(ਵਿਸ਼ਵ ਵਾਰਤਾ)-ਨਗਰ ਕੌਂਸਲ ਮਾਨਸਾ ਨੇ ਲਾਵਾਰਿਸ ਪਸ਼ੂਆਂ ਨੂੰ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਫੜ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਤਹਿਤ ਮੰਗਲਵਾਰ ਨੂੰ 70 ਲਾਵਾਰਿਸ ਪਸ਼ੂਆਂ ਨੂੰ ਫੜ ਕੇ ਸ਼੍ਰੀ ਬੋਧਾ ਨੰਦ ਗਊਸ਼ਾਲਾ ਰਮਦਿੱਤੇਵਾਲਾ ਵਿਖੇ ਭੇਜਿਆ। ਇਸ ਤੋਂ ਪਹਿਲਾਂ ਵੀ ਨਗਰ ਕੌਂਸਲ 300 ਦੇ ਕਰੀਬ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਦੇ ਹਵਾਲੇ ਕਰ ਚੁੱਕੀ ਹੈ। ਨਗਰ ਕੌਂਸਲ ਦਾ ਕਹਿਣਾ ਹੈ ਕਿ ਸੜਕਾਂ ਤੇ ਘੁੰਮਦੇ ਇਨ੍ਹਾਂ ਲਾਵਾਰਿਸ ਪਸ਼ੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਕੌਂਸਲ ਦੀਆਂ ਟੀਮਾਂ ਵਲੋਂ ਰਾਤ ਸਮੇਂ ਇਨ੍ਹਾਂ ਪਸ਼ੂਆਂ ਨੂੰ ਟਰਾਲੀਆਂ ਵਿਚ ਲੱਦ ਕੇ ਗਊਸ਼ਾਲਾ ਭੇਜਿਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਬਿਮਾਰ ਪਸ਼ੂਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਸਿੰਗਲਾ, ਮੀਤ ਪ੍ਰਧਾਨ ਸੁਨੀਲ ਨੀਨੂ ਨੇ ਦੱਸਿਆ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਇਹ ਪਸ਼ੂ ਝੁੰਡ ਬਣਾ ਕੇ ਰਾਤ ਵੇਲੇ ਚੌਰਾਹਿਆਂ, ਚੌਂਕਾਂ ਅਤੇ ਵੱਡੀਆਂ ਸੜਕਾਂ ਦੇ ਵਿਚਕਾਰ ਬੈਠ ਜਾਂਦੇ ਹਨ। ਜਿਨ੍ਹਾਂ ਕਾਰਨ ਕਈ ਵੱਡੇ ਸੜਕੀ ਹਾਦਸੇ ਵੀ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦ ਮੱਦੇਨਜ਼ਰ ਨਗਰ ਕੌਂਸਲ ਨੇ ਉਕਤ ਗਊਸ਼ਾਲਾ ਕਮੇਟੀ ਅਤੇ ਕੌਂਸਲਰਾਂ ਦੇ ਸਹਿਯੋਗ ਨਾਲ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਭੇਜਣ ਦੀ ਮੁਹਿੰਮ ਚਲਾਈ ਹੈ। ਜਿੱਥੇ ਗਊਸ਼ਾਲਾ ਵਲੋਂ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਸ਼ੂਆਂ ਨੂੰ ਸੜਕਾਂ ਤੇ ਨਾ ਛੱਡਿਆ ਜਾਵੇ ਜਿਨ੍ਹਾਂ ਨਾਲ ਇਹ ਪਸ਼ੂ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ ਅਤੇ ਸੜਕੀ ਘਟਨਾਵਾਂ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਊ ਮਾਤਾ ਪੂਜਨੀਕ ਹੈ ਅਤੇ ਸੜਕਾਂ ਤੇ ਘੁੰਮਦੇ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਭੇਜ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ ਹੈ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੱਤਪਾਲ ਬਾਂਸਲ ਨੇ ਕਿਹਾ ਕਿ ਗਊਸ਼ਾਲਾ ਦੀ ਸਮਰੱਥਾ ਮੁਤਾਬਿਕ ਲਾਵਾਰਿਸ ਮੁਤਾਬਿਕ ਪਸ਼ੂਆਂ ਨੂੰ ਸੰਭਾਲਿਆ ਜਾ ਰਿਹਾ ਹੈ। ਗਊਸ਼ਾਲਾ ਨੂੰ ਵੀ ਫੰਡਾਂ ਅਤੇ ਸਹਿਯੋਗ ਦੀ ਜ਼ਰੂਰਤ ਹੈ। ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਵੱਖ ਵੱਖ ਕੌਂਸਲਰ ਅਤੇ ਸਮਾਜ ਸੇਵੀ ਹਾਜ਼ਰ ਸਨ।