ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੈ ਮੋਹਨ ਬੱਬੀ ਆਪ ਵਿੱਚ ਹੋਏ ਸ਼ਾਮਿਲ, ਜਿੰਪਾ ਨੇ ਕੀਤਾ ਸਵਾਗਤ
ਹੁਸ਼ਿਆਰਪੁਰ 29 ਜੁਲਾਈ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸੱਕਤਰ ਅਤੇ ਹਲਕਾ ਇੰਚਾਰਜ ਬ੍ਰਹਮਸ਼ੰਕਰ ਜਿੰਪਾ ਦੀ ਅਗੁਵਾਈ ਵਿੱਚ ਪਾਰਟੀ ਦੇ ਵੱਧ ਰਹੇ ਕਦ ਨੇ ਕਈਆਂ ਦੀਆਂ ਧੜਕਨਾਂ ਤੇਜ ਕਰ ਦਿੱਤੀਆਂ ਨੇ ਅਤੇ ਵਿਰੋਧੀ ਪਾਰਟੀਆਂ ਨੂੰ ਆ ਰਿਹਾ ਪਸੀਨਾ ਵੀ ਦੂਰੋਂ ਦਿਖਣਾ ਸ਼ੁਰੂ ਹੋ ਚੁਕਾ ਹੈ। ਇਸੇ ਲਹਿਰ ਦੇ ਚਲਦੇ ਜਿੰਪਾ ਅਤੇ ਆਪ ਦੇ ਹੱਥ ਉਸ ਵੇਲੇ ਹੋਰ ਮਜਬੂਤ ਹੋਏ ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੈ ਮੋਹਨ ਬੱਬੀ ਅਤੇ ਦੇਸ਼ ਭਗਤ ਕਾਲੇਜ ਦੇ ਐਮਡੀ ਬਲਵਿੰਦਰ ਸਿੰਘ ਸਾਥੀਆਂ ਨਾਲ ਆਪ ਵਿੱਚ ਸ਼ਾਮਿਲ ਹੋਏ। ਪਾਰਟੀ ਵਿੱਚ ਸਵਾਗਤ ਕਰਦੇ ਹੋਏ ਜਿੰਪਾ ਨੇ ਕਿਹਾ ਕਿ ਅਜੈ ਮੋਹਨ ਬੱਬੀ ਅਤੇ ਬਲਵਿੰਦਰ ਸਿੰਘ ਇਕ ਅਜਿਹਾ ਚੇਹਰਾ ਹਨ ਜਿਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ। ਇਹ ਆਪਣੇ ਸਾਦਗੀ ਭਰੇ ਜੀਵਨ ਅਤੇ ਮਦਦਗਾਰ ਸੁਭਾਅ ਲਈ ਜਾਣੇ ਜਾਂਦੇ ਹਨ। ਇਹਨਾਂ ਦੇ ਪਾਰਟੀ ਨਾਲ ਜੁੜਨ ਨਾਲ ਪਾਰਟੀ ਹੋਰ ਮਜਬੂਤ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਦਾ ਜਨਾਧਾਰ ਆਪ ਨੂੰ ਵੱਡੀ ਜਿੱਤ ਦਿਲਾਏਗਾ। ਇਸ ਮੌਕੇ ਤੇ ਜਿਲਾ ਪ੍ਰਧਾਨ ਦਿਲੀਪ ਓਹਰੀ ਅਤੇ ਐਡਵੋਕੇਟ ਅਮਰਜੋਤ ਸੈਣੀ ਆਦਿ ਵੀ ਮੌਜੂਦ ਸਨ।