ਨਗਰ ਕੌਂਸਲ ਦਾ ਜੇ.ਈ. ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਚੰਡੀਗੜ੍ਹ, 5ਜੂਨ 2024 – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਬੀਤੀ ਰਾਤ ਨਗਰ ਕੌਂਸਲ ਮਾਨਸਾ ਵਿਖੇ ਤਾਇਨਾਤ ਜੇ.ਈ. ਜਤਿੰਦਰ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਜਤਿੰਦਰ ਸਿੰਘ ਜੇ.ਈ. ਵਿਰੁੱਧ ਇਹ ਮੁਕੱਦਮਾ ਦੀ ਪਿੰਡ ਖੀਵਾਂ ਕਲਾ ਕੋਆਪ੍ਰੇਟਿਵ ਕਿਰਤ ਸੁਸਾਇਟੀ ਅਤੇ ਉਸਾਰੀ ਸਭਾ ਦੇ ਪ੍ਰਧਾਨ ਸੁਰਿੰਦਰ ਗਰਗ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਗਿਆ ਹੈ। ਉੱਨਾਂ ਦੱਸਿਆ ਕਿ ਉਕਤ ਜੇ.ਈ. ਵੱਲੋਂ ਕਸਤੂਰਬਾ ਗਾਂਧੀ ਹੋਸਟਲ ਬਰੇਟਾ, ਜ਼ਿਲਾ ਮਾਨਸਾ ਦੇ ਉਸਾਰੀ ਕਾਰਜਾਂ ਵਿੱਚ ਘਪਲੇਬਾਜੀ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਪਹਿਲਾਂ ਹੀ ਅਕਤੂਬਰ 2022 ਵਿੱਚ ਇੱਕ ਮੁਕੱਦਮੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਸੋਸਾਇਟੀ ਨੂੰ ਨਗਰ ਕੌਂਸਲ ਮਾਨਸਾ ਵੱਲੋਂ ਬਿਜਲੀ ਦੀ ਸਪਲਾਈ, ਗਲੀਆਂ ਦੀ ਉਸਾਰੀ ਦੇ ਕੰਮ ਅਤੇ ਹੋਰ ਕਈ ਕੰਮ ਅਲਾਟ ਹੋਏ ਸਨ। ਇਸ ਸਬੰਧੀ ਸੋਸਾਇਟੀ ਵੱਲੋਂ ਕੰਮ ਮੁਕੰਮਲ ਕਰਨ ਉਪਰੰਤ ਅਦਾਇਗੀ ਕਰਨ ਲਈ ਬਿੱਲ ਨਗਰ ਕੌਂਸਲ ਮਾਨਸਾ ਵਿਖੇ ਭੇਜੇ ਗਏ ਸਨ ਪਰ ਅਦਾਇਗੀ ਕਰਨ ਲਈ ਉਕਤ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈ.ਓ.), ਜੂਨੀਅਰ ਇੰਜੀਨੀਅਰ (ਜੇ.ਈ.), ਸਹਾਇਕ ਨਗਰ ਕੌਂਸਲ ਇੰਜੀਨੀਅਰ (ਏ.ਐਮ.ਈ.), ਲੇਖਾਕਾਰ, ਕਲਰਕ ਅਤੇ ਕੰਪਿਊਟਰ ਅਪਰੇਟਰ ਵੱਲੋ ਉਸ ਕੋਲੋਂ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਜਤਿੰਦਰ ਸਿੰਘ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਬਿੱਲ ਪਾਸ ਕਰਨ ਬਦਲੇ ਕਮਿਸ਼ਨ ਦੇ ਤੌਰ ਤੇ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀਤੀ ਰਾਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਟੀਮ ਨੇ ਮੌਕੇ ਤੇ ਹੀ ਮੁਲਜ਼ਮ ਦੇ ਕਬਜੇ ‘ਚੋਂ 1,00,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ਉੱਤੇ ਨਗਰ ਕੌਂਸਲ ਮਾਨਸਾ ਦੇ ਈ.ਓ. ਅੰਮ੍ਰਿਤ ਲਾਲ, ਜੇ.ਈ. ਜਤਿੰਦਰ ਸਿੰਘ, ਏ.ਐਮ.ਈ. ਗਗਨਦੀਪ ਸਿੰਘ, ਕਲਰਕ ਅਕਾਊਂਟ ਬ੍ਰਾਂਚ ਅਮਨਦੀਪ ਸਿੰਘ, ਲੇਖਾਕਾਰ ਸ਼ਾਮ ਲਾਲ ਅਤੇ ਕੰਪਿਊਟਰ ਅਪਰੇਟਰ ਰਾਜਪਾਲ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਜਤਿੰਦਰ ਸਿੰਘ ਜੇ.ਈ. ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਵਿਜੀਲੈਂਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇੰਨਾਂ ਤੋਂ ਇਲਾਵਾ ਕਿਸੇ ਹੋਰ ਕਰਮਚਾਰੀ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।